Published On: Sat, Jul 29th, 2017

ਅਫ਼ਸਰ ਦੀ ਚਾਕਰੀ ਕਰਦਿਆਂ ਗਈ ਸੀ ਜਵਾਨ ਦੀ ਜਾਨ

ਪਤਨੀ ਦਾ ਦਾਅਵਾ-ਕਰਨਲ ਨੇ ਆਪਣੀ ਨੌਕਰੀ ਬਚਾਉਣ ਲਈ ਸਾਡਾ ਟੱਬਰ ਰੌਲਿਆ

jawan-di-vidhwa
ਕੈਪਸ਼ਨ- ਭਾਰਤੀ ਫ਼ੌਜ ਦੇ ਜਵਾਨ ਦੀ ਵਿਧਵਾ ਰਜਿੰਦਰ ਕੌਰ ਆਪਣੀ ਧੀਆਂ ਨਾਲ।
ਬਠਿੰਡਾ/ਬਿਊਰੋ ਨਿਊਜ਼ :
ਭਾਰਤੀ ਫ਼ੌਜ ਵਿੱਚ ‘ਅਫ਼ਸਰਾਂ ਦੀ ਚਾਕਰੀ’ ਦੇ ਰੁਝਾਨ ਨੇ ਰਜਿੰਦਰ ਕੌਰ ਦੇ ਪਰਿਵਾਰ ਨੂੰ ਵਖ਼ਤ ਪਾ ਦਿੱਤਾ ਹੈ। ਫ਼ੌਜੀ ਡਰਾਈਵਰ ਦੀ ਵਿਧਵਾ ਇਨਸਾਫ਼ ਲਈ ਲੰਮੇ ਸਮੇਂ ਤੋਂ ਫ਼ੌਜੀ ਅਫ਼ਸਰਾਂ ਦਾ ਬੂਹਾ ਖੜਕਾ ਰਹੀ ਹੈ ਪਰ ਕਿਧਰੇ ਸੁਣਵਾਈ ਨਹੀਂ ਹੋਈ।
ਬਠਿੰਡਾ ਜ਼ਿਲ•ੇ ਦੇ ਪਿੰਡ ਜੰਗੀਰਾਣਾ ਦਾ ਸਤਨਾਮ ਸਿੰਘ ਭਾਰਤੀ ਫ਼ੌਜ ਵਿੱਚ ਡਰਾਈਵਰ ਸੀ। ਮ੍ਰਿਤਕ ਜਵਾਨ ਦੀ ਵਿਧਵਾ ਰਜਿੰਦਰ ਕੌਰ ਨੇ ਰੱਖਿਆ ਮੰਤਰਾਲੇ ਨੂੰ ਪੱਤਰ ਲਿਖ ਕੇ ਦੱਸਿਆ ਕਿ ਸਤਨਾਮ ਸਿੰਘ ਬਠਿੰਡਾ ਛਾਉਣੀ ਵਿੱਚ ਤਾਇਨਾਤ ਸੀ। ਇਸ ਦੌਰਾਨ ਇੱਕ ਕਰਨਲ ਨੇ ਉਸ ਦੇ ਪਤੀ ਸਤਨਾਮ ਸਿੰਘ ਨੂੰ ਫਰਵਰੀ 2015 ਵਿੱਚ ਆਪਣੇ ਕੋਲ ਦਿੱਲੀ ਬੁਲਾ ਲਿਆ, ਜਿੱਥੋਂ ਸਤਨਾਮ ਸਿੰਘ ਕਰਨਲ ਦੀ ਪ੍ਰਾਈਵੇਟ ਗੱਡੀ ਚਲਾ ਕੇ ਪਠਾਨਕੋਟ ਜਾ ਰਿਹਾ ਸੀ। ਕਾਰ ਵਿੱਚ ਕਰਨਲ ਅਤੇ ਉਸ ਦਾ ਪਰਿਵਾਰ ਸੀ। 5 ਫਰਵਰੀ 2015 ਨੂੰ ਕਰਨਲ ਦੀ ਪ੍ਰਾਈਵੇਟ ਗੱਡੀ ਦਾ ਮੁਕੇਰੀਆਂ ਕੋਲ ਹਾਦਸਾ ਹੋ ਗਿਆ। ਸੜਕ ਹਾਦਸੇ ਵਿੱਚ ਸਤਨਾਮ ਸਿੰਘ ਦੀ ਮੌਤ ਹੋ ਗਈ। ਵਿਧਵਾ ਰਜਿੰਦਰ ਕੌਰ ਨੇ ਦਾਅਵਾ ਕੀਤਾ ਕਿ ਕਰਨਲ ਨੇ ਆਪਣੀ ਨੌਕਰੀ ਬਚਾਉਣ ਲਈ ਸਤਨਾਮ ਸਿੰਘ ਨੂੰ ਕਾਗ਼ਜ਼ਾਂ ਵਿੱਚ ਛੁੱਟੀ ‘ਤੇ ਦਿਖਾ ਦਿੱਤਾ, ਜਦੋਂ ਕਿ ਉਹ ਡਿਊਟੀ ‘ਤੇ ਸੀ। ਵਿਧਵਾ ਨੇ ਦੋਸ਼ ਲਾਇਆ ਕਿ ਕਰਨਲ ਨੇ ਆਪਣੀ ਨੌਕਰੀ ਬਚਾਉਣ ਲਈ ਉਸ ਦੇ ਪਰਿਵਾਰ ਦਾ ਭਵਿੱਖ ਦਾਅ ‘ਤੇ ਲਾ ਦਿੱਤਾ ਹੈ। ਉਸ ਦਾ ਕਹਿਣਾ ਸੀ ਕਿ ‘ਆਨ ਡਿਊਟੀ’ ਹੋਣ ਦੇ ਬਾਵਜੂਦ ਉਨ•ਾਂ ਦੇ ਪਰਿਵਾਰ ਨੂੰ ਬਣਦੇ ਲਾਭ ਨਹੀਂ ਮਿਲੇ ਹਨ।
ਮ੍ਰਿਤਕ ਜਵਾਨ ਸਤਨਾਮ ਸਿੰਘ ਦੇ ਤਿੰਨ ਧੀਆਂ ਹਨ, ਜਿਨ•ਾਂ ਦਾ ਪਾਲਣ-ਪੋਸ਼ਣ ਹੁਣ ਮੁਸ਼ਕਲ ਹੋ ਗਿਆ ਹੈ। ਉਸ ਦੀ ਮਦਦ ਲਈ ਕਾਂਗਰਸ ਦੀ ਜਨਰਲ ਸਕੱਤਰ ਵੀਰਪਾਲ ਕੌਰ ਸੁਖਨਾ ਨੇ ਵੀ ਭਾਰਤੀ ਫ਼ੌਜ ਦੇ ਉੱਚ ਅਫ਼ਸਰਾਂ ਨੂੰ ਪੱਤਰ ਲਿਖੇ ਹਨ। ਭਾਰਤੀ ਫ਼ੌਜ ਨੇ ਇਸ ਜਵਾਨ ਦੇ ਪਰਿਵਾਰ ਨੂੰ ਭਾਵੇਂ ਬਠਿੰਡਾ ਵਿੱਚ ਸਰਕਾਰੀ ਕੁਆਰਟਰ ਦਿੱਤਾ ਗਿਆ ਹੈ ਪਰ ਉਹ ਸਿਰਫ ਦੋ ਵਰਿ•ਆਂ ਲਈ ਹੀ ਸੀ। ਵਿਧਵਾ ਨੇ ਦੱਸਿਆ ਕਿ ਉਸ ਨੂੰ ਸਤੰਬਰ ਵਿੱਚ ਕੁਆਰਟਰ ਖਾਲੀ ਕਰਨ ਵਾਸਤੇ ਆਖ ਦਿੱਤਾ ਗਿਆ ਹੈ। ਮਹਿਲਾ ਨੇ ਕਿਹਾ ਕਿ ਉਹ ਪਿਛਲੇ ਦੋ ਵਰਿ•ਆਂ ਵਿੱਚ ਕਈ ਵਾਰ ਅਫ਼ਸਰਾਂ ਦੇ ਦਰਵਾਜ਼ੇ ਖੜਕਾ ਚੁੱਕੀ ਹੈ ਪਰ ਸੁਣਵਾਈ ਨਹੀਂ ਹੋਈ ਹੈ। ਕਰਨਲ ਦੀ ਆਸਾਮ ਵਿੱਚ ਤਾਇਨਾਤੀ ਹੋਣ ਕਰ ਕੇ ਸੰਪਰਕ ਨਹੀਂ ਹੋ ਸਕਿਆ ਹੈ।( ਅਦਾਰਾ ਕੌਮਾਂਤਰੀ ਅੰਮ੍ਰਿਤਸਰ ਤੋਂ ਧੰਨਵਾਦ ਸਹਿਤ ਪ੍ਰਾਪਤ)