Published On: Sat, Sep 23rd, 2017

ਕਿਸਾਨਾਂ ਨੂੰ ਪਟਿਆਲਾ ‘ਚ ਧਰਨਾ ਲਾਉਣ ਦੀ ਮਿਲੀ ਆਗਿਆ

Members Bhartiya kissan Union ( Rajewal ) protest  for their demand at Sector52 in Chandigarh on Thursday. Tribune photo Vicky Gharu
ਕੈਪਸ਼ਨ-ਚੰਡੀਗੜ੍ਹ ਵਿੱਚ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੁਜ਼ਾਹਰੇ ਵਿੱਚ ‘ਮੈਂ ਗੁਲਾਮ ਹਾਂ’ ਦਾ ਪੋਸਟਰ ਲਾ ਕੇ ਸ਼ਾਮਲ ਇਕ ਕਿਸਾਨ।

ਕਿਸਾਨ ਜਥੇਬੰਦੀਆਂ ਵੱਲੋਂ ਅਮਨ-ਅਮਾਨ ਰੱਖਣ ਦਾ ਭਰੋਸਾ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਪਟਿਆਲਾ ਵਿੱਚ ਪੰਜ-ਰੋਜ਼ਾ ਧਰਨਾ ਲਾਉਣ ਦੀ ਇਜਾਜ਼ਤ ਦਿੰਦਿਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਸ ਲਈ ਪਟਿਆਲਾ ਨੇੜੇ ਜਾਂ ਸ਼ਹਿਰ ਦੇ ਬਹਾਰਵਾਰ ਬਦਲਵੀ ਥਾਂ ਲੈਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਹਦਾਇਤ ਦਿੱਤੀ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ।ਰੋਸਾ ਦਿੱਤਾ ਕਿ ਅੰਦੋਲਨ ਦੇ ਸਬੰਧ ਵਿੱਚ ਪਟਿਆਲਾ ਵਿਚ ਕੋਈ ਮਾੜੀ ਘਟਨਾ ਨਹੀਂ ਵਾਪਰਨ ਦਿੱਤੀ ਜਾਵੇਗੀ।
ਹਾਈ ਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ਇਹ ਹੁਕਮ ਪਟਿਆਲਾ ਧਰਨੇ ਖ਼ਿਲਾਫ਼ ਦਾਇਰ ਇਕ ਲੋਕ ਹਿੱਤ ਦੀ ਸੁਣਵਾਈ ਕਰਦਿਆਂ ਜਾਰੀ ਕੀਤੇ। ਇਸ ਦੇ ਨਾਲ ਹੀ ਅਦਾਲਤ ਨੇ ਇਸ ਅੰਦੋਲਨ ਨਾਲ ਜੁੜੇ ਹੋਏ ‘ਵਡੇਰੇ ਮੁੱਦਿਆਂ’ ਨੂੰ ਇਕ ਵੱਖਰੀ ਲੋਕ ਹਿੱਤ ਪਟੀਸ਼ਨ ਦੇ ਰੂਪ ਵਿੱਚ ਘੋਖਣ ਦਾ ਵੀ ਐਲਾਨ ਕੀਤਾ। ਅਦਾਲਤ ਨੂੰ ਅੰਦੋਲਨਕਾਰੀਆਂ ਦੇ ਵਕੀਲਾਂ ਨੇ ਦੱਸਿਆ ਕਿ ਇਹ ਅੰਦੋਲਨ ਕੁਝ ‘ਵੱਡੇ ਮੁੱਦਿਆਂ’ ਨੂੰ ਲੈ ਕੇ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਫ਼ਸਲੀ ਕਰਜ਼ੇ ਮੁਆਫ਼ ਨਾ ਕੀਤਾ ਜਾਣਾ ਵੀ ਸ਼ਾਮਲ ਹੈ।
ਵਕੀਲਾਂ ਆਰ.ਐਸ. ਬੈਂਸ ਤੇ ਐਚ.ਪੀ.ਐਸ. ਈਸ਼ਰ ਨੇ ਦੱਸਿਆ ਕਿ ਕਰਜ਼ੇ ਮੁਆਫ਼ ਨਾ ਹੋਣ ਤੇ ਹੋਰ ਪ੍ਰੇਸ਼ਾਨੀਆਂ ਕਾਰਨ ਅਨੇਕਾਂ ਕਿਸਾਨ ਜਾਨਾਂ ਗੁਆ ਚੁੱਕੇ ਹਨ। ਇਸ ਉਤੇ ਗ਼ੌਰ ਕਰਦਿਆਂ ਬੈਂਚ ਨੇ ਕਿਹਾ, ”ਇਸ ਮਾਮਲੇ ਨੂੰ ਸੁਣਵਾਈ ਦੀ ਅਗਲੀ ਤਰੀਕ ਦੌਰਾਨ ਲੋਕ ਹਿੱਤ ਪਟੀਸ਼ਨ ਵਜੋਂ ਵਿਚਾਰਿਆ ਜਾਵੇਗਾ।” ਗ਼ੌਰਤਲਬ ਹੈ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਖੇਤੀਬਾੜੀ ਜ਼ਮੀਨ ਤੇ ਟਰੈਕਟਰਾਂ ਦੀਆਂ ‘ਕੁਰਕੀਆਂ’ ਦੀ ਸਮੱਸਿਆ ਦੇਖਣ ਲਈ ਪਹਿਲਾਂ ਹੀ ਆਖਿਆ ਜਾ ਚੁੱਕਾ ਹੈ।
ਬੈਂਚ ਨੇ ਧਰਨੇ ਦੇ ਮੱਦੇਨਜ਼ਰ ਪਟਿਆਲਾ ਵਿੱਚ ਨੀਮ ਫ਼ੌਜੀ ਦਸਤਿਆਂ ਦੀ ਤਾਇਨਾਤੀ ਵੀ 26 ਸਤੰਬਰ ਤੱਕ ਵਧਾਉਣ ਦੀ ਇਜਾਜ਼ਤ ਦੇ ਦਿੱਤੀ। ਸ੍ਰੀ ਨੰਦਾ ਨੇ ਬੈਂਚ ਨੂੰ ਦੱਸਿਆ ਕਿ ਪੰਜਾਬ ਵਿੱਚ ਦਸਤਿਆਂ ਦੀ ਤਾਇਨਾਤੀ 20 ਸਤੰਬਰ ਤੱਕ ਕੀਤੀ ਗਈ ਸੀ ਪਰ ਕਿਸਾਨਾਂ ਦਾ ਪਟਿਆਲਾ ਵਿਚਲਾ ਪੰਜ-ਰੋਜ਼ਾ ਧਰਨਾ 21 ਤੋਂ 25 ਸਤੰਬਰ ਤੱਕ ਚੱਲਣਾ ਹੈ, ਜਿਸ ਕਾਰਨ ਤਾਇਨਾਤੀ ਵਧਾਏ ਜਾਣ ਦੀ ਲੋੜ ਹੈ।

ਮਹਿਮਦਪੁਰ ਦਾਣਾ ਮੰਡੀ ਵਿੱਚ ਲੱਗੇਗਾ ਧਰਨਾ
ਪਟਿਆਲਾ : ਪ੍ਰਸ਼ਾਸਨ ਵੱਲੋਂ ਪ੍ਰਵਾਨਗੀ ਮਿਲਣ ਨਾਲ ਸੱਤ ਕਿਸਾਨ ਜਥੇਬੰਦੀਆਂ ਦੇ ਇੱਥੇ ਪੰਜ ਰੋਜ਼ਾ ਧਰਨੇ ਲਈ ਰਾਹ ਪੱਧਰਾ ਹੋ ਗਿਆ। ਉਂਜ ਇਹ ਧਰਨਾ ਪਟਿਆਲਾ ਸ਼ਹਿਰ ਤੋਂ ਬਾਹਰ ਲੱਗੇਗਾ। ਅਦਾਲਤੀ ਦਖ਼ਲ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਧਰਨੇ ਲਈ ਸੰਗਰੂਰ ਰੋਡ ‘ਤੇ ਸਥਿਤ ਪਿੰਡ ਮਹਿਮਦਪੁਰ ਦੀ ਅਨਾਜ ਮੰਡੀ ਵਿਚਲੀ ਥਾਂ ਅਲਾਟ ਕਰ ਦਿੱਤੀ ਹੈ। ਕਿਸਾਨ ਆਗੂਆਂ ਨੇ ਭਾਵੇਂ ਪੋਲੋ ਗਰਾਊਂਡ ਜਾਂ ਅਨਾਜ ਮੰਡੀ ਪਟਿਆਲਾ ਦੀ ਥਾਂ ਦੇਣ ਦੀ ਮੰਗ ਰੱਖੀ ਸੀ ਪਰ ਦਫ਼ਾ 144 ਦਾ ਤਰਕ ਦਿੰਦਿਆਂ ਪ੍ਰਸ਼ਾਸਨ ਨੇ ਸ਼ਹਿਰ ਤੋਂ ਬਾਹਰ ਸ਼ੇਰਮਾਜਰਾ ਜਾਂ ਮਹਿਮਦਪੁਰ ਮੰਡੀ ਦੀ ਪੇਸ਼ਕਸ਼ ਕੀਤੀ। ਧਰਨੇ ਦੌਰਾਨ ਕਿਸਾਨਾਂ ਲਈ ਢੁਕਵੇਂ ਪ੍ਰਬੰਧ ਕਰਨ ਦਾ ।ਰੋਸਾ ਦੇਣ ‘ਤੇ  ਕਿਸਾਨ ਜਥੇਬੰਦੀਆਂ ਮਹਿਮਦਪੁਰ ਅਨਾਜ ਮੰਡੀ ਦੀ ਥਾਂ ਲੈਣ ਲਈ ਰਾਜ਼ੀ ਹੋ ਗਈਆਂ।
ਇਹ ਫੈਸਲਾ ਕਿਸਾਨ ਨੇਤਾ  ਡਾ. ਦਰਸ਼ਨਪਾਲ ਦੀ ਅਗਵਾਈ ਹੇਠਲੇ ਵਫ਼ਦ ਦੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨਾਲ ਹੋਈ ਮੀਟਿੰਗ ਵਿੱਚ ਲਿਆ ਗਿਆ, ਜਿਸ ਦੀ ਦੋਵਾਂ ਧਿਰਾਂ ਨੇ ਪੁਸ਼ਟੀ ਕੀਤੀ ਹੈ। ਇਹ ਧਰਨਾ 22 ਤੋਂ 27 ਸਤੰਬਰ ਤੱਕ ਚੱਲੇਗਾ। ਮੁੱਖ ਮੰਤਰੀ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਅੱਗੇ ਧਰਨੇ ਨੂੰ ਲੈ ਕੇ ਰੇੜਕਾ ਭਾਵੇਂ ਖ਼ਤਮ ਹੋ ਗਿਆ ਪਰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਖੇਤਰ ਵਿੱਚ ਪੁਲੀਸ ਦੇ ਸੁਰੱਖਿਆ ਪ੍ਰਬੰਧ ਬਰਕਰਾਰ ਰੱਖੇ ਹਨ, ਜਿਸ ਤਹਿਤ ਇਕੱਲੇ ਪਟਿਆਲਾ ਲਈ ਹੀ ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਸ਼ਹਿਰ ਨੂੰ ਆਉਂਦੇ ਸਾਰੇ ਪ੍ਰਮੁੱਖ ਅਤੇ ਲੁਕਵੇਂ ਰਾਹਾਂ ‘ਤੇ ਪੁਲੀਸ ਤਾਇਨਾਤ ਹੈ। ਪੈਂਤੀ ਏਕੜ ਵਿੱਚ ਫੈਲੇ ਮੁੱਖ ਮੰਤਰੀ ਦੇ ਮਹਿਲ ਦੇ ਆਲੇ-ਦੁਆਲੇ ਹੀ 23 ਨਾਕੇ ਲਾਏ ਗਏ ਹਨ।
ਸੰਪਰਕ ਕਰਨ ‘ਤੇ ਆਈ.ਜੀ. ਅਮਰਦੀਪ ਸਿੰਘ ਰਾਏ ਦਾ ਕਹਿਣਾ ਸੀ ਕਿ ਪੁਲੀਸ ਕਿਸੇ ਨੂੰ ਵੀ ਸ਼ਹਿਰ ਵਿੱਚ  ਦਫ਼ਾ 144 ਦੀ ਉਲੰਘਣਾ ਦੀ ਆਗਿਆ ਨਹੀਂ ਦੇਵੇਗੀ। ਐਸ.ਐਸ.ਪੀ. ਡਾ. ਐਸ.।ੂਪਤੀ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।
ਇਕੱਲੇ ਮਹਿਲ ਦੁਆਲੇ ਦੋ ਦਰਜਨ ਨਾਕੇ :
ਮੋਤੀ ਮਹਿਲ ਦੇ  ਗੇਟ ਸਮੇਤ ਚਾਰਾਂ ਖੂੰਜਿਆਂ ‘ਤੇ ਪਹਿਲਾਂ ਹੀ ਭਾਰੀ ਪੁਲੀਸ ਫੋਰਸ ਤਾਇਨਾਤ ਹੈ  ਪਰ ਹੁਣ ਠੀਕਰੀਵਾਲਾ ਚੌਕ, ਵਾਈਪੀਐਸ ਚੌਕ, ਮੋਦੀ ਕਾਲਜ ਚੌਕ, ਰਾਘੋਮਾਜਰਾ ਪੁਲੀ, ਐਨਆਈਐਸ ਚੌਕ, ਡਕਾਲਾ ਚੁੰਗੀ ਚੌਕ, ਸੂਲਰ ਚੌਕ ਅਤੇ ਵਿਮੈਨ ਕਾਲਜ ਚੌਕ ਸਮੇਤ ਮਹਿਲ ਦੇ ਦੁਆਲੇ ਹੀ 23 ਨਾਕੇ ਹਨ।(ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ ਪ੍ਰਾਪਤ)