Published On: Tue, May 16th, 2017

ਕੌਮਾਂਤਰੀ ਗੱਤਕਾ ਮੁਕਾਬਲੇ ਖ਼ਾਲਸਈ ਜਾਹੋ ਜਲਾਲ ਨਾਲ ਸਮਾਪਤ

ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਚੱਪੜਚਿੜੀ ਵਾਰੀਅਰਜ਼ ਟੀਮ ਨੇ ਜਿੱਤਿਆ

ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਦੋ ਰੋਜ਼ਾ ਸੱਤਵੇਂ ਕੌਮਾਂਤਰੀ ਗੱਤਕਾ ਮੁਕਾਬਲੇ ਖ਼ਾਲਸਈ ਜਾਹੋ ਜਲਾਲ ਨਾਲ ਸੰਪੰਨ ਹੋਏ। ਦੇਸ਼ ਵਿਦੇਸ਼ ਦੀਆਂ 30 ਟੀਮਾਂ ਨੇ ਗੱਤਕਾ ਪ੍ਰਦਰਸ਼ਨੀ ਜਦਕਿ 13 ਟੀਮਾਂ ਨੇ ਫਾਈਟ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸੇ ਤਰ੍ਹਾਂ ਲੜਕੀਆਂ ਦੀਆਂ 10 ਟੀਮਾਂ ਨੇ ਵੀ ਗੱਤਕੇ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ।
ਲੜਕਿਆਂ ਦੇ ਫਾਈਟ ਮੁਕਾਬਲਿਆਂ ਵਿੱਚੋਂ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਚੱਪੜਚਿੜੀ ਵਾਰੀਅਰਜ਼ ਟੀਮ ਦੇ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਨਰਿੰਦਰ ਸਿੰਘ ਅਤੇ ਰਵਿੰਦਰਪਾਲ ਸਿੰਘ ਨੇ, 75 ਹਜ਼ਾਰ ਰੁਪਏ ਦਾ ਦੂਜਾ ਇਨਾਮ ਬਨੂੜ ਵਾਰੀਅਰਜ਼ ਦੇ ਗੁਰਪ੍ਰਤਾਪ ਸਿੰਘ, ਸੰਦੀਪ ਸਿੰਘ, ਪਰਮਜੀਤ ਸਿੰਘ ਅਤੇ ਅਜੈਪਾਲ ਸਿੰਘ ਨੇ, 50 ਹਜ਼ਾਰ ਰੁਪਏ ਦਾ ਤੀਜਾ ਇਨਾਮ ਰੈਸਟ ਆਫ਼ ਇੰਡੀਆ ਟੀਮ ਦੇ ਰਾਜਵਿੰਦਰ ਸਿੰਘ, ਹਰਮਨਜੋਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਨੇ ਪ੍ਰਾਪਤ ਕੀਤਾ।
ਦੂਜੇ ਪਾਸੇ ਲੜਕੀਆਂ ਦੇ ਫਾਈਟ ਮੁਕਾਬਲਿਆਂ ਵਿੱਚ ਗੱਤਕਾ ਅਖਾੜਾ ਮੁਕਤਸਰ ਦੀਆਂ ਲੜਕੀਆਂ ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਸ਼ਰਨ ਕੌਰ ਅਤੇ ਲਵਪ੍ਰੀਤ ਕੌਰ ਨੇ ਇੱਕੀ ਹਜ਼ਾਰ ਰੁਪਏ ਦਾ ਪਹਿਲਾ ਇਨਾਮ, ਮਾਤਾ ਸਾਹਿਬ ਕੌਰ ਗੱਤਕਾ ਵਾਰੀਅਰਜ਼ ਦੀਆਂ ਲੜਕੀਆਂ ਸੁਖਪ੍ਰੀਤ ਕੌਰ, ਸਤਨਾਮ ਕੌਰ, ਸੰਦੀਪ ਕੌਰ ਅਤੇ ਭਾਮਤੀ ਕੌਰ ਨੇ ਪੰਦਰਾਂ ਹਜ਼ਾਰ ਰੁਪਏ ਦਾ ਦੂਜਾ ਇਨਾਮ ਅਤੇ ਦਿੱਲੀ ਤੋਂ ਪੁੱਜੀ ਗੱਤਕਾ ਟੀਮ ਦੀਆਂ ਲੜਕੀਆਂ ਇਸ਼ਮੀਤ ਕੌਰ, ਮਨਪ੍ਰੀਤ ਕੌਰ, ਸਿਮਰਨਜੀਤ ਕੌਰ ਅਤੇ ਸਰਬਜੀਤ ਕੌਰ ਨੇ ਗਿਆਰਾਂ ਹਜ਼ਾਰ ਰੁਪਏ ਦਾ ਤੀਜਾ ਇਨਾਮ ਹਾਸਲ ਕੀਤਾ।
ਜੇਤੂ ਰਹੀਆਂ ਟੀਮਾਂ ਨੂੰ ਇਨਾਮ ਦੇਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੱਤਕਾ ਜੰਗ ਵਿੱਦਿਆ ਦਾ ਮੁੱਢਲਾ ਸਬਕ ਹੈ, ਜੋ ਨੌਜਵਾਨਾਂ ਅੰਦਰ ਜੁਝਾਰੂ ਜਜ਼ਬਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਗੱਤਕੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖਰਾ ਗੱਤਕਾ ਵਿੰਗ ਸਥਾਪਤ ਕੀਤਾ ਗਿਆ ਹੈ।gatka-mukable(ਧੰਨਵਾਦ ਸਹਿਤ ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਤੋਂ ਪ੍ਰਾਪਤ)