Published On: Tue, Sep 12th, 2017

ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ

candle-march-gori-lankesh
ਕੈਲੇਫੋਰਨੀਆਂ ਜਰਨਲਿਸਟ ਐਸੋਸੀਏਸ਼ਨ ਵਲੋਂ ਭਾਰਤ ਦੀ ਲੋਕਪੱਖੀ ਪੱਤਰਕਾਰ ਦੀ ਹਤਿਆ ਵਿਰੁੱਧ ਸ਼ੋਕ ਸਭਾ
J ਭਾਰਤ ਵਿਚ ਲੋਕਤੰਤਰ ਨਾ ਦੀ ਕੋਈ ਚੀਜ਼ ਨਹੀਂ
J ਘੱਟ ਗਿਣਤੀਆਂ ਉੱਤੇ ਹੋ ਰਹੇ ਨੇ ਲਗਾਤਾਰ ਹਮਲੇ
J ਪੱਤਰਕਾਰਾਂ ਅੰਦਰ ਅਸੁਰੱਖਿਆ ਦੀ ਭਾਵਨਾ ਵਾਲਾ ਮਹੌਲ
ਫਰੀਮਾਂਟ/ਬਿਊਰੋ ਨਿਊਜ਼:
ਕੈਲੇਫੋਰਨੀਆਂ ਜਰਨਲਿਸਟ ਐਸੋਸੀਏਸ਼ਨ ਨੇ ਕਰਨਾਟਕ ਦੇ ਰਾਜਧਾਨੀ ਵਾਲੇ ਬੈਂਗਲੁਰੂ ਸ਼ਹਿਰ ਵਿੱਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਲੰਘੇ ਹਫ਼ਤੇ ਉਸਦੇ ਘਰ ਅੰਦਰ ਦਾਖ਼ਲ ਹੋ ਕੇ ਬੇਰਹਿਮੀ ਨਾਲ ਹਤਿਆ ਕੀਤੇ ਜਾਣ ਦੀ ਕਰੜੀ ਨਿਖੇਧੀ ਕਰਦਿਆਂ ਲੋਕ ਪੱਖੀ ਅਤੇ ਮਨੁੱਖੀ ਅਧਿਕਾਰਾਂ ਦੀ ਮੁਦਈ ਮਹਿਲਾ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਰਤੀ ਲੋਕਤੰਤਰ ਵਿਰੁੱਧ ਹਕੂਮਤੀ ਸਰਪ੍ਰਸਤੀ ਹਾਸਲ ਹੋਣ ਦਾ ਦਾਅਵਾ ਕਰਨ ਵਾਲੀਆਂ ਕੁਝ ਕਾਲੀਆਂ ਤਾਕਤਾਂ ਵਲੋਂ ਕਰਨਾਟਕਾ ਦੀ ਲੰਕੇਸ਼ ਅਖਬਾਰ ਦੀ ਮੁੱਖ ਸੰਪਾਦਿਕਾ ਅਤੇ  ਜੁਝਾਰੂਵਾਦੀ ਤੇ ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਦੇ ਜ਼ਾਲਿਮਾਨਾ ਕਤਲ ਵਿਰੁਧ ਰੋਸ ਪ੍ਰਗਟ ਕਰਨ ਅਤੇ ਉਸਦੀ ਯਾਦ ਵਿਚ ਮੋਮਬੱਤੀਆਂ ਜਗਾਉਣ ਲਈ ਬੀਤੇ ਦਿਨ ਇੱਥੇ ਲੇਕ ਐਲਿਜ਼ਬੈੱਥ ਪਾਰਕ ਵਿਚ ਪੰਜਾਬੀ ਜਰਨਲਿਸਟ ਐਸੋਸੀਏਸ਼ਨ ਕੈਲੇਫੋਰਨੀਆਂ ਵਲੋਂ ਇੱਥੇ ਲੇਕ ਐਲਿਜ਼ਬੈੱਥ ਪਾਰਕ ਵਿਚ ਕੀਤੀ ਸ਼ੋਕ ਸਭਾ ਵਿਚ ਹਾਜ਼ਰ ਬੁਲਾਰਿਆਂ ਨੇ ਇਸ ਕਤਲ ਦੀ ਰੱਜ ਕੇ ਨਿੰਦਾ ਕਰਦਿਆਂ ਲੋਕਰਾਜ ਦੇ ਚੌਥੇ ਥੰਮ੍ਹ ਮੀਡੀਆ ‘ਤੇ ਇਸ ਨੂੰ ਸਭ ਤੋਂ ਵੱਡਾ ਹਮਲਾ ਦੱਸਿਆ ਤੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਅਰਸੇ ਦੌਰਾਨ ਸੱਚ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ, ਕਤਲ ਕੀਤੇ ਜਾ ਰਹੇ ਹਨ ਇਹ ਨਾ ਸਿਰਫ ਮਨੁੱਖ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਸਗੋਂ ਇਹ ਭਾਰਤ ਨੂੰ ਸਹੀ ਦਿਸ਼ਾਂ ਦੀ ਪਟੜੀ ਤੋਂ ਉਤਾਰਨ ਦਾ ਇਕ ਨਿੰਦਣਯੋਗ ਵਰਤਾਰਾ ਹੈ। ਇਸ ਰੋਸ ਤੇ ਸ਼ੋਕ ਸਭਾ ਵਿਚ ਨਾ ਸਿਰਫ ਪੰਜਾਬੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ ਸਗੋਂ ਭਾਰਤ ਦੇ ਦੱਖਣੀ ਸੂਬਿਆਂ ਤੋਂ ਵੀ ਗੌਰੀ ਲੰਕੇਸ਼ ਦੇ ਇਸ ਦਰਦ ਦੀ ਪੀੜਾ ਨੂੰ ਪ੍ਰਗਟ ਕਰਨ ਲਈ ਔਰਤਾਂ ਤੇ ਮਰਦਾਂ ਨੇ ਸ਼ਿਰਕਤ ਕੀਤੀ। ਇਹ ਭਾਰਤ ਦੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਕੇਰਲਾ ਅਤੇ ਤੇਲੰਗਾਨਾ ਸੂਬਿਆਂ ਨਾਲ ਸਬੰਧਿਤ ਸਨ। ਇਸ ਮੌਕੇ ਤੇ ਬੋਲਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਲੇਖਕ ਤਰਲੋਚਨ ਸਿੰਘ ਦਪਾਲਪੁਰ ਨੇ ਕਿਹਾ ਕਿ ਜਿਸ ਭਾਰਤ ਵਿਚ ਵੱਧ ਗਿਣਤੀ ਲੋਕਾਂ ਲਈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਲੀਦਾਨ ਦਿੱਤਾ ਉਸੇ ਵਰਗੇ ਦੇ ਲੋਕ ਹੁਣ ਘੱਟ ਗਿਣਤੀਆਂ ਤੇ ਹਮਲੇ ਕਰਕੇ ਉਨ੍ਹਾਂ ਅੰਦਰ ਅਸੁਰੱਖਿਅਤ ਤੇ ਚਿੰਤਾ ਵਾਲੀਆਂ ਭਾਵਨਾਵਾਂ ਪੈਦਾ ਕਰ ਰਹੇ ਹਨ। ਗੌਰੀ ਲੰਕੇਸ਼ ਤੇ ਹਮਲਾ ਨਿੰਦਣਯੋਗ ਹੀ ਨਹੀਂ ਸਗੋਂ ਦੇਸ਼ ਦੀ ਸੰਸਕ੍ਰਿਤੀ ‘ਤੇ ਇਕ ਵੱਡਾ ਹਮਲਾ ਹੈ। ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸੁਪਰੀਮ ਕੌਂਸਲ ਦੇ ਸਾਬਕ ਮੈਂਬਰ ਅਤੇ ਸਿੱਖ ਚਿੰਤਕ ਭਾਈ ਰਾਮ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਤੇ ਘੱਟ ਗਿਣਤੀਆਂ ਤੇ ਹੋ ਰਹੇ ਲਗਾਤਾਰ ਹਮਲੇ ਮਨੁੱਖ ਅਧਿਕਾਰਾਂ ਦੀ ਘੋਰ ਉਲੰਘਣਾ ਹੀ ਨਹੀਂ ਸਗੋਂ ਇਹ ਘੱਟ ਗਿਣਤੀਆਂ ਨੂੰ ਦਬਾਉਣ ਦੀ ਇਕ ਕੋਝੀ ਸਾਜਿਸ਼ ਹੈ ਜਿਸ ਲਈ ਸਰਕਾਰ ਨੂੰ ਅਤਿ ਗੰਭੀਰ ਹੋਣ ਦੀ ਲੋੜ ਹੈ। ਨਹੀਂ ਤਾਂ ਭਾਰਤ ਨੂੰ ਖੇਰੂੰ ਖੇਰੂੰ ਕਰਨ ਲਈ ਦੇਸ਼ ਦੀਆਂ ਹਕੂਮਤਾਂ ਹੀ ਜ਼ੁੰਮੇਵਾਰੀ ਬਣਨਗੀਆਂ। ਉਨ੍ਹਾਂ ਗੌਰੀ ਲੰਕੇਸ਼ ਦੇ ਕਤਲ ਨੂੰ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਹੀ ਨਹੀਂ ਸਗੋਂ ਇਸ ਨੂੰ ਗਲਾ ਘੁੱਟਣ ਦੇ ਬਰਾਬਰ ਕਿਹਾ। ਆਂਧਰਾ ਪ੍ਰਦੇਸ਼ ਦੀ ਵਾਲੀ ਬਿਨਦਾਨਾ ਨੇ ਗੌਰੀ ਲੰਕੇਸ਼ ਦੇ ਇਸ ਕਤਲ ਤੇ ਹੰਝੂ ਵਹਾਉਂਦਿਆਂ ਕਿਹਾ ਕਿ ਇਕ ਮਹਿਲਾ ਪੱਤਰਕਾਰ ਜੋ ਨਾ ਸਿਰਫ ਆਪਣੀ ਸਮਾਜਿਕ ਜ਼ੁੰਮੇਵਾਰੀ ਨਿਭਾਅ ਰਹੀ ਸੀ ਸਗੋਂ ਰਾਜਸੀ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਲੜ ਰਹੀ ਸੀ ਦਾ ਕਤਲ ਭਾਰਤੀ ਲੋਕਤੰਤਰ ਦੇ ਮੱਥੇ ਤੇ ਇਕ ਕਲੰਕ ਦੇ ਟਿੱਕੇ ਵਾਂਗ ਸ਼ਰਮਨਾਕ ਵਰਤਾਰੇ ਵਰਗੀ ਘਟਨਾ ਮੰਨੀ ਜਾਂਦੀ ਰਹੇਗੀ। ਇੱਥੋਂ ਪ੍ਰਮੁੱਖ ਦੀ ਅਖਬਾਰ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਸੰਚਾਲਕ ਸ. ਜਸਜੀਤ ਸਿੰਘ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨਿੰਦਾ ਕਰਦਿਆਂ, ਉਸਦੇ ਪਰਿਵਾਰ ਨਾਲ ਹਮਦਰਦੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਉਸ ਨਾਲ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਭਾਰਤ ਵਿਚ ਲੋਕਤੰਤਰ ਨਾ ਦੀ ਕੋਈ ਚੀਜ਼ ਨਹੀਂ ਤੇ ਘੱਟ ਗਿਣਤੀਆਂ ਨੂੰ ਦਬਾ ਕੇ, ਸੱਚ ਦੀ ਆਵਾਜ਼ ਦਾ ਗਲਾ ਘੁੱਟ ਕੇ ਤੇ ਹਕੂਮਤੀ ਮਨਮਰਜ਼ੀਆਂ ਕਰਨ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਦੇਸ਼ ਵਿਰੋਧੀ ਅਤੇ ਧਾਰਮਿਕ ਕੱਟੜ ਜਨੂੰਨੀਆਂ ਵਲੋਂ ਗੌਰੀ ਲੰਕੇਸ਼ ਦਾ ਕਤਲ ਭਾਰਤ ਸੰਵਿਧਾਨ ਦੇ ਇਸ ਦਾਅਵੇ ਨੂੰ ਝੁਠਲਾਉਂਦਾ ਹੈ ਕਿ ਮੀਡੀਆ ਲੋਕਰਾਜ ਦਾ ਚੌਥਾ ਥੰਮ੍ਹ ਹੁੰਦਾ ਹੈ। ਉਨ੍ਹਾ ਕਿਹਾ ਕਿ ਅਮਰੀਕਾ ‘ਤੇ ਸਮੁੱਚਾ ਪੰਜਾਬੀ ਪੱਤਰਕਾਰ ਭਾਈਚਾਰਾ ਗੌਰੀ ਲੰਕੇਸ਼ ਦੀ ਇਸ ਹੱਤਿਆ ਦਾ ਰੱਜ ਕੇ ਵਿਰੋਧ ਅਤੇ ਨਿੰਦਾ ਕਰਦਾ ਹੈ।
ਪੱਤਰਕਾਰ ਐੱਸ ਅਸ਼ੋਕ ਭੌਰਾ ਨੇ ਕਿਹਾ ਕਿ ਨਰਿੰਦਰ ਗਾਵੋਲਕਰ, ਗੋਵਿੰਦ ਪੰਸਾਰੇ, ਐਮ ਐਨ ਕੁਲਵਰਗੀ ਅਤੇ ਰਾਮ ਚੰਦਰ ਛਤਰਪਤੀ ਤੋਂ ਬਾਅਦ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣੀ ਤਾਂ ਚਿੰਤਾ ਪੈਦਾ ਹੀ ਕਰਦੀ ਹੈ ਸਗੋਂ ਕਾਤਲਾਂ ਨੂੰ ਸਖਤ ਸਜ਼ਾਵਾਂ ਨਾ ਦੇਣੀਆਂ ਤੇ ਉਹਨਾਂ ਦਾ ਸ਼ਰੇਆਮ ਘੁੰਮਣਾ ਤੇ ਸ਼ੋਸ਼ਲ ਮੀਡੀਏ ਤੇ ਗੈਰਇਖ਼ਲਾਕੀ ਸ਼ਬਦਾਂ ਨਾਲ ਇਸ ਕਤਲ ਦੀ ਖਿੱਲੀ ਉਡਾਉਣਾ ਆਉਣ ਵਾਲੇ ਸਮੇਂ ਵਿਚ ਪੱਤਰਕਾਰਾਂ ਨੂੰ ਦਲੇਰੀ ਨਾਲ ਕੰਮ ਕਰਨ ਦੇ ਰਸਤੇ ਵਿਚ ਵੱਡਾ ਰੋੜਾ ਬਣੇਗਾ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਕਟਿਹਰੇ ‘ਚ ਨੰਗਾ ਕਰੇ ਤਾਂ ਜੋ ਪੱਤਰਕਾਰਾਂ ਅੰਦਰ ਪੈਦਾ ਹੋ ਰਹੀ ਅਸੁਰੱਖਿਆ ਭਾਵਨਾ ਨੂੰ ਖਤਮ ਕਰਨ ਦਾ ਮਹੌਲ ਸਿਰਜਿਆ ਜਾ ਸਕੇ। ਸੱਚ ਦੀ ਆਵਾਜ਼ ਨੂੰ ਦਬਾਉਣਾ ਲਕਰਾਜ ਦਾ ਘਾਣ ਕਰਨ ਦੇ ਬਰਾਬਰ ਹੀ ਹੁੰਦਾ ਹੈ।
ਇਸ ਸ਼ੋਕ ਸਭਾ ਨੂੰ ਸੰਤੋਸ਼ ਐਡਾਗੂਲਾ, ਜਸਵੰਤ ਸਿੰਘ ਹੋਠੀ, ਬਲਵੀਰ ਸਿੰਘ ਐੱਮ ਏ, ਡਾ. ਜਗਵਿੰਦਰ ਸਿੰਘ ਅਤੇ ਡਾ. ਇਕਵਿੰਦਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਗੌਰੀ ਲੰਕੇਸ਼ ਦੀ ਤਸਵੀਰ ਅੱਗੇ ਮੋਮਬੱਤੀਆਂ ਜਗਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਇਸ ਸ਼ੋਕ ਸਭਾ ਦੇ ਮਾਧਿਅਮ ਤੋਂ ਭਾਰਤ ਸਰਕਾਰ ਨੂੰ ਚੁਕੰਨਿਆਂ ਹੋਣ ਦੀ ਅਪੀਲ ਵੀ ਕੀਤੀ। ਹੱਥਾਂ ਵਿਚ ਫੜੇ ਹੋਏ ਬੈਨਰਾਂ ਤੇ ‘ਪ੍ਰੈੱਸ ਅਤੇ ਵਿਚਾਰਾਂ ਦੀ ਆਜ਼ਾਦੀ ਤੇ ਹਮਲੇ ਬੰਦ ਕਰੋ’ ਇਕ ਤਰ੍ਹਾਂ ਨਾਲ ਇਹੋ ਸੰਕੇਤ ਸੀ। ਇਸ ਸਭਾ ਵਿਚ ਮਨਜਿੰਦਰ ਸੰਧੂ, ਤੇਜਪਾਲ ਸਿੰਘ, ਅਨਵੇਗਾਂਤਰ, ਹਰਮਿੰਦਰ ਸਿੰਘ, ਪ੍ਰਭਾਤ ਸ਼ਰਮਾ, ਮਾਇਆ ਵਿਸ਼ਕਰਮਾ, ਸੁਖਮੀਤ ਕੌਰ, ਸਵਾਥੀ ਜੇਰਾਨ, ਰਮਨਪਾਲ ਸਿੰਘ, ਪ੍ਰੀਤਮ ਚੱਕਰਵਰਤੀ, ਰਾਜਵੰਤ ਕੌਰ, ਪ੍ਰਮਿੰਦਰ ਸਿੰਘ, ਮਿੱਕੀ ਸਰਾਂ, ਮਨਵੀਰ ਭੌਰਾ, ਸੁਖਵਿੰਦਰ ਸਿੰਘ, ਬਲਜੀਤ ਸਿੰਘ, ਸਿਮਰਜੋਤ ਸਿੰਘ, ਮਹਿੰਗਾ ਸਿੰਘ, ਅਮਰਜੀਤ ਸਿੰਘ ਜੌਹਲ, ਰਵਿੰਦਰ ਸਿੰਘ, ਅਵਤਾਰ ਸਿੰਘ ਮਿਸ਼ਨਰੀ, ਹਰਸਿਮਰਤ ਕੌਰ ਖਾਲਸਾ, ਗੁਰਮੀਤ ਸਿੰਘ ਬਰਸਾਲ, ਜਗਮੋਹਨ ਕੌਰ ਗਿੱਲ, ਅਨਮੋਲ ਭੌਰਾ, ਹਰਬੰਸ ਸਿੰਘ ਅਤੇ ਹੋਰਨਾਂ ਨੇ ਸ਼ਮੂਲੀਅਤ ਕਰਕੇ ਗੌਰੀ ਲੰਕੇਸ਼ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।(ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ ਪ੍ਰਾਪਤ)