Published On: Sat, Jul 29th, 2017

ਤੀਹ ਲੱਖ ਗੈਰਕਾਨੂੰਨੀ ਪਰਵਾਸੀਆਂ ਨੂੰ ਦਿਖਾਇਆ ਜਾ ਸਕਦਾ ਹੈ ਅਮਰੀਕਾ ਤੋਂ ਬਾਹਰ ਦਾ ਰਸਤਾ

trump
ਵਾਸ਼ਿੰਗਟਨ/ਬਿਊਰੋ ਨਿਊਜ਼ :
ਪਰਵਾਸੀਆਂ ਵਿਰੁੱਧ ਆਪਣੀਆਂ ਸਖ਼ਤ ਨੀਤੀਆਂ ਲਈ ਜਾਣੇ ਜਾਂਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦ੍ਰਿੜਤਾ ਪ੍ਰਗਟਾਈ  ਹੈ ਕਿ ਉਹ ਤੀਹ ਲੱਖ ਗੈਰਕਾਨੂੰਨੀ ਪਰਵਾਸੀਆਂ ਨੂੰ ਜਲਦੀ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾਏਗਾ। ਸ੍ਰੀ ਟਰੰਪ ਨੇ ਸੀਬੀਐੱਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧੀ ਪ੍ਰਵਿਰਤੀ ਵਾਲੇ ਪਰਵਾਸੀਆਂ ਨੂੰ ਤਾਂ ਉਹ ਅਹੁਦਾ ਸੰਭਾਲਦਿਆਂ ਸਾਰ ਹੀ ਤੁਰੰਤ ਅਮਰੀਕਾ ਵਿਚੋਂ ਬਾਹਰ ਕੱਢ ਦੇਣਗੇ। ਅਮਰੀਕਾ ਵਿੱਚ ਇੱਕ ਕਰੋੜ ਦਸ ਲੱਖ ਦੇ ਕਰੀਬ ਕਾਨੂੰਨੀ ਤੋਂ ਮਾਨਤਾ ਪ੍ਰਾਪਤ ਪਰਵਾਸੀ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਵੀ ਹਨ।

ਬਰਨੀ ਜਿੱਤ ਸਕਦੇ ਸਨ ਚੋਣ :
ਇਸੇ ਦੌਰਾਨ ਡੈਮੋਕਰੈਟਿਕ ਸੈਨੇਟਰ ਬਰਨੀ ਸੈਂਡਰਜ਼ ਨੇ ਕਿਹਾ ਹੈ ਕਿ ਜੇ ਉਹ ਹਿਲੇਰੀ ਕਲਿੰਟਨ ਦੀ ਥਾਂ ਡੈਮੋਕਰੈਟਿਕ ਪਾਰਟੀ ਦਾ ਰਾਸ਼ਟਰਪਤੀ ਲਈ ਉਮੀਦਵਾਰ ਹੁੰਦਾ ਤਾਂ ਉਹ ਡੋਨਲਡ ਟਰੰਪ ਨੂੰ ਵੱਡੇ ਫਰਕ ਨਾਲ ਹਰਾਉਣ ਵਿੱਚ ਕਾਮਯਾਬ ਹੁੰਦਾ। ਬਰਨੀ ਡੈਮੋਕਰੈਟਿਕ ਪਾਰਟੀ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕਰਨ ਮੌਕੇ ਪਈਆਂ ਵੋਟਾਂ ਵਿੱਚ ਹਾਰ ਗਿਆ ਸੀ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਪਈਆਂ ਵੋਟਾਂ ਤੋਂ ਦੋ ਦਿਨ ਪਹਿਲਾਂ 1600 ਵੋਟਰਾਂ ਉੱਤੇ ਕਰਵਾਏ ਸਰਵੇ ਵਿੱਚ ਇਹ ਰੁਝਾਨ ਸਾਹਮਣੇ ਆਇਆ ਕਿ 75 ਸਾਲਾ ਸੈਨੇਟਰ 56 ਫੀਸਦੀ ਵੋਟਾਂ ਹਾਸਲ ਕਰ ਸਕਦਾ ਸੀ। ਸਰਵੇ ਵਿੱਚ ਪਤਾ ਲੱਗਾ ਕਿ ਇੱਕ ਤਿਹਾਈ ਨਿਰਪੱਖ ਵੋਟਰ ਸੈਂਡਰਜ਼ ਨੂੰ ਭੁਗਤ ਕਰ ਸਕਦੇ ਸਨ। ਇਹ ਸਰਵੇ ਗਰੇਵਿਸ ਮਾਰਕੀਟਿੰਗ ਵੱਲੋਂ ਕੀਤਾ ਗਿਆ ਸੀ।

ਕਲਿੰਟਨ ਬੋਲੀ-ਐਫਬੀਆਈ ਮੁਖੀ ਮੇਰੀ ਹਾਰ ਦਾ ਕਾਰਨ:
ਅਮਰੀਕੀ ਰਾਸ਼ਟਰਪਤੀ ਦੀ ਚੋਣ ਹਾਰਨ ਵਾਲੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਐਫਬੀਆਈ ਮੁਖੀ ਜੇਮਜ਼ ਕੌਮੇ ਕਾਰਨ ਚੋਣ ਹਾਰੀ ਹੈ। ਚੋਣ ਤੋਂ ਕੁਝ ਦਿਨ ਪਹਿਲਾਂ ਜੇਮਜ਼ ਵੱਲੋਂ ਉਨ੍ਹਾਂ ਵਿਰੁੱਧ ਈ-ਮੇਲ ਮਾਮਲੇ ਦੀ ਜਾਂਚ ਮੁੜ ਖੋਲ੍ਹੇ ਜਾਣ ਦੇ ਫ਼ੈਸਲੇ ਕਾਰਨ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਧੱਕਾ ਲੱਗਿਆ ਤੇ ਉਹ ਇਤਿਹਾਸਕ ਜਿੱਤ ਤੋਂ ਵਾਂਝੀ ਰਹਿ ਗਈ।  ਵਿੱਤੀ ਸਹਾਇਤਾ ਕਰਨ ਵਾਲਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਵਿੱਚ ਹਾਰ ਦੇ ਕਈ ਕਾਰਨ ਹਨ। ਪਰ ਉਨ੍ਹਾਂ ਦੇ ਮੁਲਾਂਕਣ ਮੁਤਾਬਕ ਐਫਬੀਆਈ ਮੁਖੀ ਵੱਲੋਂ ਖੜ੍ਹੇ ਕੀਤੇ ਆਧਾਰਹੀਣ ਸ਼ੰਕਿਆਂ ਕਾਰਨ ਉਨ੍ਹਾਂ ਵੱਲੋਂ ਬਣਾਈ ਗਈ ਜੇਤੂ ਮੁਹਿੰਮ ਨੂੰ ਢਾਹ ਲੱਗੀ ਹੈ। ਜਾਂਚ ਮੁੜ ਖੋਲ੍ਹੇ ਜਾਣ ਦੇ ਫ਼ੈਸਲੇ ਤੋਂ ਪਹਿਲਾਂ ਤੱਕ ਉਨ੍ਹਾਂ ਨੂੰ ਚੋਣ ਪ੍ਰਚਾਰ ਮੁਹਿੰਮ ਦੌਰਾਨ ਭਰਪੂਰ ਹੁੰਗਾਰਾ ਤੇ ਸਮਰਥਨ ਮਿਲ ਰਿਹਾ ਸੀ।

( ਅਦਾਰਾ ਕੌਮਾਂਤਰੀ ਅੰਮ੍ਰਿਤਸਰ ਤੋਂ ਧੰਨਵਾਦ ਸਹਿਤ ਪ੍ਰਾਪਤ)