Published On: Thu, Apr 6th, 2017

ਪਰਾਇਆ ਹੱਕ ਖਾਂਣਾ ਹੀ ਅਸਲ ਮਾਸ ਖਾਂਣਾ ਹੈ ਜੋ ਗੁਰਮਤਿ ਵਰਜਦੀ ਹੈ – ਅਰਵਿੰਦਰ ਸਿੰਘ

ਮਹਲਾ ੧ ॥ ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥ ਉਦੋਸੀਅ ਘਰੇ ਹੀ ਵੁਠੀ ਕੁੜਿਈਂ ਰੰਨੀ ਧੰਮੀ ॥ ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥ {ਪੰਨਾ 1412}
ਗੁਰੂ ਸਾਹਿਬ ਸਬਦ ਰਾਹੀਂ ਦਸ ਰਹੇ ਹਨ ਮਿਹਨਤ ਕਸ਼ ਮਨੁੱਖ ਕੋਲ ਕਦੇ ਅੰਨ ਦੀ ਕਮੀ ਨਹੀਂ ਆਉਂਦੀ ਜੀਵਣ ਦੀ ਲੋੜ ਮਿਹਨਤ ਨਾਲ ਪੂਰੀ ਕੀਤੀ ਜਾ ਸਕਦੀ ਹੈ ਪਰ ਜਦੋਂ ਧਨ ਕਮਾਣਾ ਹੀ ਜੀਵਨ ਦਾ ਨਿਸ਼ਾਨਾ ਬਣ ਜਾਏ; ਜਦੋਂ ਮਨੁੱਖ ਜਿਤਨਾ ਹੀ ਧਨਾਢ ਉਤਨਾ ਹੀ ਕਾਮਯਾਬ ਸਮਝਿਆ ਜਾਣ ਲੱਗ ਪਏ; ਤਦੋਂ ਕੁਦਰਤੀ ਤੌਰ ਤੇ ਇਹ ਨਤੀਜਾ ਨਿਕਲਦਾ ਹੈ ਕਿ ਧਨ ਕਮਾਣ ਦੇ ਕੋਝੇ ਢੰਗ ਮਨੁੱਖ ਦੇ ਮਨ ਉੱਤੇ ਆਪਣਾ ਜ਼ੋਰ ਪਾ ਲੈਂਦੇ ਹਨ। ਮਨੁੱਖ ਅਨਪੜ੍ਹ ਹੋਣ ਚਾਹੇ ਪੜ੍ਹੇ ਹੋਏ, ਮਾਇਆ ਜੋੜਨ ਦਾ ਗ਼ਲਤ ਰਸਤਾ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਜੇ ਅਨਪੜ੍ਹਾਂ ਵਿਚ ਡਾਕੇ ਠੱਗੀ ਖੋਹਾ-ਖੋਹੀ ਆਦਿਕ ਤਰੀਕੇ ਚੱਲ ਪੈਂਦੇ ਹਨ, ਤਾਂ ਪੜ੍ਹੇ ਹੋਏ ਬੰਦੇ ਰਿਸ਼ਵਤ ਆਦਿਕ ਦਾ ਸ਼ਿਕਾਰ ਹੋ ਜਾਂਦੇ ਹਨ।
ਜਗਤ ਵਿਚ ਕੀਹ ਵੇਖ ਰਹੇ ਹਾਂ? ਗੁਆਂਢੀ ਦੀ ਤਰੱਕੀ ਵੇਖ ਕੇ ਸਾੜਾ, ਗੁਆਂਢੀ ਨੂੰ ਨੁਕਸਾਨ ਅਪੜਾਣ ਲਈ ਉਸ ਦੀ ਨਿੰਦਾ-ਚੁਗ਼ਲੀ, ਲਾਲਚ ਦਾ ਹੜ੍ਹ, ਵੈਰ-ਵਿਰੋਧ, ਕ੍ਰੋਧ ਤੇ ਨਫ਼ਰਤ, ਪਰਾਇਆ ਰੂਪ ਤੱਕ ਕੇ ਉਸ ਵੱਲ ਭੈੜੀ ਨਿਗਾਹ, ‘ਮੈਂ ਵੱਡਾ ਹਾਂ, ਮੈਂ ਸਿਆਣਾ ਹਾਂ, ਦੁਨੀਆ ਸਭ ਤੋਂ ਵਧੀਕ ਮੇਰਾ ਆਦਰ-ਮਾਣ ਕਰੇ’- ਇਹੋ ਜਿਹਾ ਅਫਰੇਵਾਂ ਤੇ ਅਹੰਕਾਰ। ਗੱਲ ਕੀਹ, ਚੁਫੇਰੇ ਵਿਕਾਰਾਂ ਦੇ ਭਾਂਬੜ ਬਲ ਰਹੇ ਹਨ। ਕੋਈ ਘਰ ਵੇਖੋ, ਕੋਈ ਪਿੰਡ ਵੇਖੋ, ਕੋਈ ਸ਼ਹਿਰ ਵੇਖੋ, ਘਰ ਘਰ ਇਹੀ ਅੱਗ ਹੈ, ਹਰੇਕ ਹਿਰਦਾ ਅਨੇਕਾਂ ਰੋਗਾਂ ਨਾਲ ਤਪਿਆ ਪਿਆ ਹੈ ਜਿਸ ਕਾਰਣ ਮਾਇਆ ਕਮਾਉਣ ਦੇ ਅਜੇਹੇ ਢੰਗ ਵੀ ਅਪਣਾਉਂਦਾ ਹੈ ਜੋ ਸਮਾਜ ਨੂੰ ਗੰਧਲਾ ਕਰਦੇ ਹਨ ਇਸ ਉਪਰ ਕਰਾਰੀ ਚੋਟ ਕਰਦਿਆਂ ਗੁਰੂ ਸਾਹਿਬ ਕਿਹਾ ਹੈ
ਮਃ ੧ ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ {ਪੰਨਾ 141}
ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਪਰਾਇਆ ਹੱਕ ਖਾਂਣਾ ਹੀ ਅਸਲ ਮਾਸ ਖਾਂਣਾ ਹੈ ਜੋ ਗੁਰਮਤਿ ਵਰਜਦੀ ਹੈ ਜੇਕਰ ਕੋਈ ਹਿੰਦੂ ਖਾ ਰਿਹਾ ਤਾਂ ਗਊ ਦੇ ਬਰਾਬਰ ਜੇਕਰ ਕੋਈ ਮੁਸਲਮਾਨ ਖਾ ਰਿਹਾ ਤਾਂ ਸੂਅਰ ਖਾਂਣ ਦੇ ਬਰਾਬਰ ਹੈ ਕਿਉਕਿ ਗਊ ਅਤੇ ਸੂਅਰ ਦੋਹਾਂ ਮੱਤਾਂ ਵਿੱਚ ਹਰਾਮ ਗਿਣੇਂ ਗਏ ਹਨ ਏਸ ਕਰਕੇ ਪਰਾਇਆ ਹੱਕ ਹਰਾਮ ਖਾਂਣਾ ਹੈ ਏਸੇ ਤਰਾਂ ਜੇਕਰ ਸਿੱਖ ਪਰਾਇਆ ਹੱਕ ਖਾਂਦਾ ਹੈ ਉਸ ਲਈ ਵੀ ਹਰਾਮ ਹੈ । ਗੁਰੂ ਪੀਰ ਤਾਂ ਹੀ ਹਾਂਮੀ ਭਰੇਗਾ ਜੇਕਰ ਮਨੁਖ ਪਰਾਇਆ ਹੱਕ,ਠੱਗੀ,ਝੂਠ ਆਦਿਕ ਨਹੀ ਵਿਹਾਜ ਰਿਹਾ ਏਹ ਸਭ ਮੁਰਦਾਰ ਖਾਂਣ ਦੇ ਬਰਾਬਰ ਹਨ । ਇਸ ਲਈ ਇਹਨਾ ਵਿਵਰਜਿਤ ਕੰਮਾਂ ਤੋਂ ਕੋਈ ਧੰਨ ਦੀ ਕਮਾਈ ਕਰ ਰਿਹਾ ਹੈ ਤੇ ਉਹ ਮੁਰਦਾਰ ਹੀ ਖਾ ਰਿਹਾ ਹੈ ਗੁਰੂ ਸਾਹਿਬ ਨੇ ਸੱਚ ਅਤੇ ਹੱਕ ਹਲਾਲ ਦੀ ਕਮਾਈ ਕਰਣ ਦੀ ਹਿਦਾਇਤ ਕੀਤੀ ਹੈ ਅਗਰ ਸਚੁ ਦੀ ਕਮਾਈ ਕੋਲ ਨਹੀਂ ਹੈ ਤਾਂ ਜੀਵਣ ਵਿੱਚ ਅਗਨੀ ਦੇ ਭਾਂਬੜ ਮੱਚਦੇ ਰਹਿੰਦੇ ਹਨ ਇਸ ਸੜਨ ਤੋਂ ਉਹੀ ਬਚਾ ਸਕਦਾ ਹੈ ਜੋ ਆਪ ਇਸ ਸੜਨ ਤੋਂ ਬਚਿਆ ਹੋਇਆ ਹੈ; ਉਹੀ ਬਚਾ ਸਕਦਾ ਹੈ ਜੋ ਆਪ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਭੀ ਸੁਚੱਜਾ ਕਮਾਊ ਹੈ; ਉਹੀ ਬਚਾ ਸਕਦਾ ਹੈ ਜੋ ਆਪ ਗ੍ਰਿਹਸਤੀ ਹੁੰਦਾ ਹੋਇਆ ਭੀ ਸੁਚੱਜਾ ਗ੍ਰਿਹਸਤੀ ਹੈ। ਡੁੱਬ ਰਹੇ ਨੇ ਡੁੱਬਦਿਆਂ ਨੂੰ ਕੀਹ ਬਚਾਣਾ ਹੋਇਆ? ਤੇ, ਦੁਨੀਆਦਾਰਾਂ ਤੋਂ ਅਟੰਕ ਨਿਵੇਕਲਾ ਕਿਸੇ ਜੰਗਲ ਦੇ ਗੋਸ਼ੇ ਵਿਚ, ਕਿਸੇ ਪਹਾੜ ਦੀ ਗੁਫ਼ਾ ਵਿਚ, ਬੈਠਾ ਭੀ ਕੀਹ ਜਾਣੇ ਦੁਨੀਆਦਾਰਾਂ ਦੀਆਂ ਮਾਨਸਕ ਔਕੜਾਂ ਨੂੰ ? ਜੇ ਦੁਨੀਆ ਦੇ ਸਾਰੇ ਹੀ ਲੋਕ ਕਿਰਤ-ਕਾਰ ਛੱਡ ਕੇ ਨਿਵੇਕਲੇ ਹੋ ਬੈਠਣ ਤਾਂ ਰੋਟੀਆਂ ਰੁੱਖਾਂ ਨੂੰ ਤਾਂ ਲੱਗ ਨਹੀਂ ਜਾਣੀਆਂ, ਤੇ ਰੋਟੀ ਤੋਂ ਬਿਨਾ ਢਿੱਡ ਦਾ ਝੁਲਕਾ ਸ਼ਾਂਤ ਨਹੀਂ ਹੋ ਸਕਦਾ ਇਸ ਲਈ ਕਿਰਤ ਨੂੰ ਪ੍ਰਧਾਨਤਾ ਹੈ ਅਤੇ ਸੁਚੱਜੇ ਢੰਗ ਨਾਲ ਕਰਣ ਦਾ ਤਰੀਕਾ ਵੀ ਗੁਰੂ ਸਾਹਿਬ ਸਮਝਾਉਦੇ ਹਨ । ਸੋ, ਕੌਣ ਹੈ ਉਹ ਬਚਾਣ ਵਾਲਾ? ਗੁਰਸਿੱਖਾਂ ਵਾਲੀ ਬੋਲੀ ਵਿਚ ਅਸੀਂ ਉਸ ਨੂੰ ‘ਗੁਰੂ’ ਆਖਦੇ ਹਾਂ ਜੋ ਗ੍ਰਿਹਸਤੀ ਹੁੰਦਾ ਹੋਇਆ ਗ੍ਰਿਹਸਤੀਆਂ ਦੀਆਂ ਔਕੜਾਂ ਜਾਣਦਾ ਹੋਇਆ ਸੁਚੱਜਾ ਜੀਵਨ-ਰਾਹ ਦੱਸਦਾ ਹੈ।
ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥ ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥ ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥ ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥ {ਪੰਨਾ ਨੰ.੪੯}
ਮਾਇਆ ਦੇ ਮੋਹ ਵਿਚੋਂ ਗੁਰੂ ਕੱਢ ਲੈਂਦਾ ਹੈ ਗੁਰੂ ਵਿੱਚ ਸਮੱਰਥਾ ਹੈ ਡੁਬਦੇ ਨੂੰ ਤਾਰ ਸਕਦਾ ਹੈ ਗੁਰੂ ਉਪਦੇਸ਼ ਰਾਹੀਂ ਜੀਵਣ ਬਦਲਿਆ ਜਾ ਸਕਦਾ ਹੈ ਵਿਕਾਰਾਂ ਵਿਚ ਗ੍ਰਹਿਸਤ ਜੀਵਣ ਨੂੰ ਗੁਰਉਪਦੇਸ਼ ਦੀ ਪਾਣ ਚਾੜ੍ਹ ਕੇ ਸੁਚੱਜੇ ਤਰੀਕੇ ਨਾਲ ਜੀਵਣ ਜੀਵਿਆ ਜਾ ਸਕਦਾ ਹੈ ।
ਪਰ ਜਿਵੇਂ ਵਗਦੇ ਦਰਿਆ ਦਾ ਕੁਝ ਪਾਣੀ ਹੜ੍ਹਾਂ ਦੇ ਦਿਨਾਂ ਵਿਚ ਉਛਲ ਕੇ ਕੰਢਿਆਂ ਤੋਂ ਲਾਂਭੇ ਕਿਸੇ ਛੱਪੜ ਟੋਏ ਵਿਚ ਜਾ ਪਏ, ਦਰਿਆ ਨਾਲੋਂ ਉਸ ਦਾ ਸੰਬੰਧ ਟੁੱਟ ਜਾਏ, ਤਾਂ ਦਿਨ ਪਾ ਕੇ ਉਸ ਵਿਚ ਕੀੜੇ ਪੈ ਜਾਂਦੇ ਹਨ, ਉਸ ਦਾ ਰੰਗ ਖ਼ਰਾਬ ਹੋ ਜਾਂਦਾ ਹੈ, ਉਸ ਵਿਚ ਬੋ ਪੈ ਜਾਂਦੀ ਹੈ।ਸਿਰਜਣਹਾਰ ਕਰਤਾਰ ਜ਼ਿੰਦਗੀ ਦਾ ਦਰਿਆ ਹੈ, ਸਾਰੇ ਜੀਵ ਉਸ ਦਰਿਆ ਦੀਆਂ ਲਹਿਰਾਂ ਹਨ। ਜਿਤਨਾ ਚਿਰ ਇਹ ਲਹਿਰਾਂ ਦਰਿਆ ਦੇ ਅੰਦਰ ਹਨ, ਇਹਨਾਂ ਦੀ ਜ਼ਿੰਦਗੀ ਦਾ ਪਾਣੀ ਸੁਅੱਛ ਹੈ। ਜਦੋਂ ਨਿਰੀ ਮਾਇਆ ਕਮਾਣ ਦੇ ਟੋਏ ਵਿਚ ਪੈ ਕੇ ਇਹ ਜੀਵ-ਲਹਿਰਾਂ ਦਰਿਆ-ਪ੍ਰਭੂ ਨਾਲੋਂ ਵੱਖ ਹੋ ਜਾਂਦੀਆਂ ਹਨ, ਤਾਂ ਇਹਨਾਂ ਵਿਚ ਅਨੇਕਾਂ ਹੀ ਆਤਮਕ ਮਾਨਸਕ ਰੋਗਾਂ ਦੀ ਬੋ ਪੈਦਾ ਹੋ ਜਾਂਦੀ ਹੈ।ਗੁਰੂ ਜੀ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ
ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥ ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥ ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥ {ਪੰਨਾ 1412}
ਬੱਸ! ਇਹੀ ਹੈ ਭੇਤ ਜੋ ‘ਗੁਰੂ’ ਆ ਕੇ ਵਿਲਕ ਰਹੇ ਬੰਦਿਆਂ ਨੂੰ, ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਬੰਦਿਆਂ ਨੂੰ, ਸਮਝਾਂਦਾ ਹੈ ਕਿ ਮੂਲ ਨਾਲੋਂ ਟੁੱਟ ਕੇ ਮਨੁਖ ਦੀ ਜਿੰਦਗੀ ਉਤਾਰ ਚੜ੍ਹਾਵਾਂ ਵਾਲੀ ਹੀ ਰਹਿੰਦੀ ਹੈ ਸੋ ਮੂਲ ਨਾਲ ਜੁੜਕੇ ਹੀ ਜੀਵਣ ਨੂੰ ਤ੍ਰਿਸ਼ਣਾ ਦੀ ਅੱਗ ਤੋਂ ਬਚਾਇਆ ਜਾ ਸਕਦਾ ਹੈ
ਮੂਲ ਭਾਵ ਸਚੁ ਨਾਲੋ ਟੁੱਟ ਕੇ ਮਨੁਖੀ ਜੀਵਣ ਕਾਲਾ ਸੜਿਆ ਹੋਇਆ ਵਿਕਾਰੀ ਹੋ ਜਾਂਦਾ ਹੈ ਜਿਸ ਸਚੁ ਦੀ ਖੁਰਾਕ ਪਹਿਲਾਂ ਮਿਲਦੀ ਸੀ ਉਸ ਨਾਲ ਜੀਵਣ ਵਿੱਚ ਹਰਿਆਵਲ ਸੀ ਅਤੇ ਗੁਣਾਂ ਨਾਲ ਭਰਪੂਰ ਸੀ ਪਰ ਮੂਲ ਨਾਲੋਂ ਟੁੱਟਣ ਕਾਰਣ ਜੀਵਣ ਅਉਗਣਾਂ ਭਰਪੂਰ ਬੇਅਰਥ ਹੋ ਗਿਆਸੋ ਸਚੁ ਨਾਲ ਜੁੜ ਕੇ ਹੀ ਜੀਵਣ ਨੂੰ ਸਹੀ ਉਦੇਸ਼ ਵੱਲ ਤੋਰਿਆ ਜਾ ਸਕਦਾ ਹੈ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ {ਪੰਨਾ 441}
(0091-7087886882)
c1b88095-e099-4149-b207-2907f85dca16