Published On: Mon, Oct 2nd, 2017

ਪਾਕਿਸਤਾਨ ਦੇ ਕਿਲ੍ਹਾ ਬਾਲਾ ਹਿਸਾਰ ਵਿਚ ਲਾਈਆਂ ਜਾਣਗੀਆਂ ਸ਼ੇਰ-ਏ-ਪੰਜਾਬ ਤੇ ਨਲਵਾ ਸਰਦਾਰ ਦੀਆਂ ਤਸਵੀਰਾਂ

shere-punjab-te-nalwa-dian-tasveeran

ਅੰਮ੍ਰਿਤਸਰ/ਬਿਊਰੋ ਨਿਊਜ਼:
ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ ਵਿਚਲੇ ਕਿਲ੍ਹਾ ਬਾਲਾ ਹਿਸਾਰ ਦੇ ਅਜਾਇਬ-ਘਰ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਬਹਾਦਰ ਜਰਨੈਲ ਹਰੀ ਸਿੰਘ ਨਲਵਾ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਪਿਸ਼ਾਵਰੀ ਸਿੱਖਾਂ ਦੇ 30 ਮੈਂਬਰੀ ਜਥੇ ਵੱਲੋਂ ਮੰਤਰੀ ਘੱਟ-ਗਿਣਤੀ ਅਸਥਾਈ ਯੂਥ ਅਸੈਂਬਲੀ ਬਾਬਾ ਗੁਰਪਾਲ ਸਿੰਘ ਦੀ ਅਗਵਾਈ ਹੇਠ ਕਿਲ੍ਹਾ ਬਾਲਾ ਹਿਸਾਰ ਦਾ ਦੌਰਾ ਕਰਨ ਪਹੁੰਚੇ ਵਫ਼ਦ ਨੂੰ ਕਿਲ੍ਹੇ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਭਰੋਸਾ ਦਿੱਤਾ ਗਿਆ। ਇਸ ਮੌਕੇ ਬਾਬਾ ਹਰਮੀਤ ਸਿੰਘ, ਪਪਿੰਦਰ ਸਿੰਘ, ਤਰਲੋਕ ਸਿੰਘ, ਸਵਿੰਦਰ ਸਿੰਘ ਤੇ ਰਣਜੀਤ ਸਿੰਘ ਮੌਜੂਦ ਸਨ। ਦੱਸਣਯੋਗ ਹੈ ਕਿ 20 ਨਵੰਬਰ 1818 ਨੂੰ ਲਾਹੌਰ ਦਰਬਾਰ ਦੀਆਂ ਫ਼ੌਜਾਂ ਵੱਲੋਂ ਪਿਸ਼ਾਵਰ ਦੇ ਉਕਤ ਕਿਲ੍ਹੇ ਅਤੇ ਸ਼ਹਿਰ ਨੂੰ ਪਹਿਲੀ ਵਾਰ ਫ਼ਤਿਹ ਕੀਤਾ ਗਿਆ। ਇਸ ਤੋਂ ਬਾਅਦ ਮੁੜ 6 ਮਈ 1834 ਨੂੰ ਹਰੀ ਸਿੰਘ ਨਲਵਾ ਨੇ ਪਿਸ਼ਾਵਰ ਫ਼ਤਿਹ ਕਰਕੇ ਕਿਲ੍ਹਾ ਬਾਲਾ ਹਿਸਾਰ ‘ਤੇ ਸਿੱਖ ਰਾਜ ਦਾ ਝੰਡਾ ਲਹਿਰਾਇਆ। ਉਨ੍ਹਾਂ ਨੇ ਸੰਨ 1835-36 ਵਿਚ ਇਸ ਕਿਲ੍ਹੇ ਦੇ ਰੱਖ-ਰਖਾਅ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਯੁੱਧਾਂ ਦੇ ਦੌਰਾਨ ਕਿਲ੍ਹੇ ਵਿਚ ਹੋਈ ਤੋੜ-ਭੰਨ ਦੀ ਮੁਰੰਮਤ ਕਰਾਉਣ ਹਿੱਤ ਕਿਲ੍ਹੇ ਦਾ ਨਵ-ਨਿਰਮਾਣ ਕਰਵਾਇਆ। ਜਦੋਂ ਇਹ ਖ਼ੂਬਸੂਰਤ ਕਿਲ੍ਹਾ ਤਿਆਰ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਸ਼ਹਿਜ਼ਾਦਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੇ ਇਸ ਦਾ ਨਾਂ ਕਿਲ੍ਹਾ ਸੁਮੇਰਗੜ੍ਹ ਰੱਖਿਆ। ਇਹ ਵੀ ਦੱਸਣਯੋਗ ਹੈ
ਕਿ ਜਦੋਂ ਅਫ਼ਗਾਨੀ ਲਸ਼ਕਰ ਵੱਲੋਂ ਕਿਲ੍ਹਾ ਜਮਰੌਦ ‘ਤੇ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਨਲਵਾ ਇਸੇ ਕਿਲ੍ਹੇ ਵਿਚ ਸਨ ਅਤੇ ਬਿਮਾਰੀ ਦੀ ਹਾਲਤ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬੀਬੀ ਹਰਸ਼ਰਨ ਕੌਰ ਵੱਲੋਂ ਕਿਲ੍ਹਾ ਜਮਰੌਦ ‘ਤੇ ਹਮਲੇ ਦਾ ਸੁਨੇਹਾ ਮਿਲਣ ‘ਤੇ ਉਹ ਕਿਲ੍ਹੇ ਦੀ ਰੱਖਿਆ ਲਈ ਰਵਾਨਾ ਹੋਏ ਅਤੇ ਉੱਥੋਂ ਦੁਸ਼ਮਣ ਦੀ ਫ਼ੌਜ ਨੂੰ ਖਦੇੜਨ ਤੋਂ ਬਾਅਦ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਏ। ਸ਼ੇਰ-ਏ-ਪੰਜਾਬ ਨੇ ਪਹਿਲੀ ਵਾਰ 16 ਮਈ 1835 ਨੂੰ ਕਿਲ੍ਹੇ ਦਾ ਦੌਰਾ ਕੀਤਾ। ਸੰਨ 1990 ਨੂੰ ਪਾਕਿ ਸਰਕਾਰ ਵੱਲੋਂ ਕਿਲ੍ਹਾ ਬਾਲਾ ਹਿਸਾਰ ਨੂੰ ਕੌਮੀ ਸਮਾਰਕ ਐਲਾਨਿਆ ਗਿਆ ਹੈ।(ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ ਪ੍ਰਾਪਤ)