Published On: Mon, Oct 19th, 2015

ਪੰਥਕ ਤਾਲਮੇਲ ਸੰਗਠਨ ਸਮੇਤ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਅੰਦਰ ਵਾਪਰ ਰਹੇ ਘਟਨਾਕ੍ਰਮ ਦੀ ਕਰੜੀ ਨਿੰਦਾ

ਪੰਥ ਦੀ ਚੜ੍ਹਦੀ ਕਲਾ ਲਈ ਹੋਵੇਗਾ ਪੰਥਕ ਅਰਦਾਸ ਸਮਾਗਮ

ਅੰਮ੍ਰਿਤਸਰ (19-10-2015) - ਪੰਥਕ ਤਾਲਮੇਲ ਸੰਗਠਨ ਦੀ ਇਕ ਮੀਟਿੰਗ ਗਿਆਨੀ ਕੇਵਲ ਸਿੰਘ (ਕਨਵੀਨਰ) ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਅਕਾਲ ਪੁਰਖ ਕੀ ਫ਼ੌਜ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਕੇਸ ਸੰਭਾਲ ਪ੍ਰਚਾਰ ਸੰਸਥਾ, ਸ੍ਰੀ ਗੁਰੂ ਗੰ੍ਰਥ ਸਾਹਿਬ ਸੇਵਕ ਜੱਥਾ ਜੰਡਿਆਲਾ ਗੁਰੂ, ਲੰਗਰ ਚਲੈ ਗੁਰ ਸ਼ਬਦ ਸੰਸਥਾ ਦੇ ਨੁਮਾਇੰਦਿਆਂ ਨੇ ਮੌਜੂਦਾ ਪੰਥਕ ਹਲਾਤਾਂ ‘ਤੇ ਵਿਚਾਰਾਂ ਕੀਤੀਆਂ।

ਜਸਵਿੰਦਰ ਸਿੰਘ ਐਡਵੋਕੇਟ ਮੈਂਬਰ ਕੌਰ ਕਮੇਟੀ ਪੰਥਕ ਤਾਲਮੇਲ ਸੰਗਠਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਅਜੇ ਤਕ ਕੋਈ ਕਾਰਵਾਈ ਨਾ ਕਰਨ, ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਪਰਚਾ ਤੱਕ ਦਰਜ ਨਾ ਕਰਨਾ ‘ਤੇ ਅਫਸੋਸ ਪ੍ਰਗਟ ਕੀਤਾ।

ਅੱਜ ਸੰਗਤਾਂ ਵਿਸ਼ੇਸ਼ ਕਰ ਨੌਜਵਾਨ ਸੜਕਾਂ ਉਪਰ ਹਨ। ਸਭ ਇੱਕ ਮੱਤ ਸਨ ਕਿ ਇਹ ਕਿਸੇ ਵਿਅਕਤੀ ਵਿਸ਼ੇਸ ਜਾਂ ਸੰਸਥਾ ਦੀ ਅਗਵਾਈ ਨਹੀ ਬਲਕਿ ਸਿੱਖ ਸੰਗਤ ਦਾ ਆਪਣੇ ਗੁਰੂ ਪ੍ਰਤੀ ਅਕੀਦਾ ਅਤੇ ਵਿਸ਼ਵਾਸ ਹੈ ਅਤੇ ਪਿਛਲੇ ਸਮਿਆਂ ਵਿੱਚ ਸਰਕਾਰੀ ਪ੍ਰਭਾਵ ਹੇਠ ਲਏ ਗਏ ਗਲਤ ਫੈਸਲਿਆਂ ਨੇ ਸਿੱਖ ਸੋਚ ਨੂੰ ਆਹਤ ਕੀਤਾ ਹੈ। ਸਿੱਖ ਸੰਗਤਾਂ ਵਿੱਚ ਉਪਜਿਆ ਇਹ ਵਿਦਰੋਹ ਸਿੱਖ ਸੋਚ ਦੇ ਅਪਮਾਨ ਦਾ ਨਤੀਜਾ ਹੈ।

ਸਿੱਖ ਸੰਗਤਾਂ ਦੀ ਇਹ ਨਰਾਜ਼ਗੀ ਦਾ ਮੁੱਢ ਸਿੱਖ ਸੋਚ ਦੇ ਉਲਟ ਲਏ ਗਏ ਫੈਸਲਿਆਂ ਤੋਂ ਬੱਝਾ ਸੀ। ਪੰਥਕ ਜੁਗਤਿ ਅਨੁਸਾਰ ਕੌਮੀ ਭਾਵਨਾਵਾਂ ਦੀ ਤਰਜਮਾਨੀ ਬਹੁਤ ਜ਼ਰੂਰੀ ਹੈ। ਅਤੇ ਗੁਰੂ ਸਾਹਿਬ ਪਾਸ ਚੜਦੀ ਕਲਾ ਹਿੱਤ ਅਰਦਾਸ ਕਰਨ 21-10-2015 ਤੋਂ  7 ਦਿਨਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੰਥਕ ਅਰਦਾਸ ਸਮਾਗਮ ਆਰੰਭ ਕੀਤਾ ਜਾ ਰਿਹਾ ਹੈ। ਇਸ ਤਹਿਤ ਸੰਗਤ ਸਵੇਰੇ ੮ ਵਜੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਪੰਥਕ ਜੁਗਤਿ ਦੀ ਮੁੱੜ ਸੁਰਜੀਤੀ ਲਈ ਅਰਦਾਸ ਕਰੇਗੀ।ਇਸ ਕਾਰਜ ਲਈ ਸਿੱਖ ਜੱਥੇਬੰਦੀਆਂ ਅਤੇ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਪੰਥਕ ਅਰਦਾਸ ਸਮਾਗਮ ਦਾ ਹਿੱਸਾ ਬਣੋ।

ਇਸ ਮੌਕੇ ਅਕਾਲ ਪੁਰਖ ਕੀ ਫ਼ੌਜ ਵਲੋਂ ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬਰਦ੍ਰਜ਼, ਹਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਪ੍ਰਭਸ਼ਰਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ, ਹਾਜਰ ਸਨ।