Published On: Mon, Jul 31st, 2017

ਰੇਤ ਖੱਡਾਂ ਦੀ ਨਿਲਾਮੀ ਦੇ ਸਬੰਧ ‘ਚ ਜਸਟਿਸ ਨਾਰੰਗ ਨੇ ‘ਆਪ’ ਵਫਦ ਨੂੰ ਬੇਰੰਗ ਮੋੜਿਆ

AAL MLA's led by their leader of Opposition Sukhpal Khaira after meeting the Justice JS Narang Commission at Udhoy Bhavan in Sector 17 Chandigarh on Friday. The Commission is  probing the sand mining auction scam.
ਚੰਡੀਗੜ੍ਹ ਦੇ ਉਦਯੋਗ ਭਵਨ ਵਿਚ ਜਸਟਿਸ ਜੇਐਸ ਨਾਰੰਗ ਨਾਲ ਮੁਲਾਕਤ ਮਗਰੋਂ ਬਾਹਰ ਆਉਂਦੇ ਹੋਏ ‘ਆਪ’ ਵਿਧਾਇਕ। 

ਚੰਡੀਗੜ੍ਹ/ਬਿਊਰੋ ਨਿਊਜ਼ :
ਰੇਤ ਦੀਆਂ ਖੱਡਾਂ ਦੀ ਨਿਲਾਮੀ ਵਿਚ ਹੋਏ ਕਥਿਤ ਘਪਲੇ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇਐੱਸ ਨਾਰੰਗ ਨੇ ਆਮ ਆਦਮੀ ਪਾਰਟੀ ਦੇ ਵਫ਼ਦ ਨੂੰ ਬੇਰੰਗ ਮੋੜ ਦਿੱਤਾ ਹੈ। ਜਸਟਿਸ ਨਾਰੰਗ ਨੇ ਕਥਿਤ ਘਪਲੇ ਨਾਲ ਸਬੰਧਤ ਹੋਰ ਦਸਤਾਵੇਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਰੇਤਾ ਦੀਆਂ ਖੱਡਾਂ ਦੀ ਨਿਲਾਮੀ ਘਪਲੇ ਦੀ ਜਾਂਚ ਜਸਟਿਸ ਨਾਰੰਗ ਕਮਿਸ਼ਨ ਨੂੰ ਦਿੱਤੀ ਗਈ ਹੈ ਅਤੇ ‘ਆਪ’ ਦਾ ਵਫਦ ਕਮਿਸ਼ਨ ਨੂੰ ਇਸ ਜਾਂਚ ਨਾਲ ਸਬੰਧਤ ਦਸਤਾਵੇਜ਼ ਦੇਣ ਲਈ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਸਟਿਸ ਨਾਰੰਗ ਤੋਂ ਮਿਲਣ ਲਈ ਸਮਾਂ ਲਿਆ ਸੀ ਅਤੇ ਕੈਬਨਿਟ ਮੰਤਰਾ ਰਾਣਾ ਗੁਰਜੀਤ ਸਿੰਘ ਦੀ ਘਪਲੇ ‘ਚ ਕਥਿਤ ਸ਼ਮੂਲੀਅਤ ਨਾਲ ਸਬੰਧਤ ਕਾਗ਼ਜ਼ ਦੇਣੇ ਚਾਹੇ ਸਨ। ਸ੍ਰੀ ਖਹਿਰਾ ਨੇ ਇਸ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਜਸਟਿਸ ਨਾਰੰਗ ਨੇ ਨਿਰਪੱਖ ਜਾਂਚ ਦਾ ਭਰੋਸਾ ਤਾਂ ਦਿੱਤਾ ਹੈ ਪਰ ਉਨ੍ਹਾਂ ਵੱਲੋਂ ਦਿੱਤੇ ਗਏ ਕਾਗ਼ਜ਼ਾਤ ਰਿਕਾਰਡ ‘ਤੇ ਲਿਆਉਣ ਤੋਂ ਨਾਂਹ ਕਰ ਦਿੱਤੀ ਹੈ। ਸ੍ਰੀ ਖਹਿਰਾ ਨੇ ਕਿਹਾ ਹੈ ਕਿ ਨਿਰਪੱਖ ਜਾਂਚ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਜਾਵੇਗਾ।
ਦੂਜੇ ਪਾਸੇ ਸੂਤਰਾਂ ਦਾ ਦੱਸਣਾ ਹੈ ਕਿ ਰਾਣਾ ਗੁਰਜੀਤ ਦੇ ਜਿਨ੍ਹਾਂ ਮੁਲਾਜ਼ਮਾਂ ਨੂੰ ਖੱਡਾਂ ਨਿਲਾਮ ਕੀਤੀਆਂ ਗਈਆਂ ਹਨ ਉਨ੍ਹਾਂ ਤੋਂ ਪਹਿਲਾਂ ਹੀ ਪੁੱਛ-ਗਿੱਛ ਹੋ ਚੁੱਕੀ ਹੈ। ਇਸ ਦੇ ਉਲਟ ਮੰਤਰੀ ਰਾਣਾ ਨੇ ਉਨ੍ਹਾਂ ਨੂੰ ਮੁਲਾਜ਼ਮ ਮੰਨਣ ਤੋਂ ਨਾਂਹ ਕੀਤੀ ਹੈ। ਇਸ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 29 ਮਈ ਨੂੰ ਇੱਕ ਮੈਂਬਰੀ ਜਾਂਚ ਕਮਿਸ਼ਨ ਬਣਾਇਆ ਗਿਆ ਸੀ ਜਿਸ ਦੀ ਮਿਆਦ ਵਿੱਚ ਵਾਧਾ ਵੀ ਕੀਤਾ ਜਾ ਚੁੱਕਾ ਹੈ।( ਅਦਾਰਾ ਕੌਮਾਂਤਰੀ ਅੰਮ੍ਰਿਤਸਰ ਤੋਂ ਧੰਨਵਾਦ ਸਹਿਤ ਪ੍ਰਾਪਤ)