Published On: Tue, Sep 19th, 2017

ਲੰਡਨ : 9 ਮਹੀਨਿਆਂ ‘ਚ 5ਵਾਂ ਦਹਿਸ਼ਤੀ ਹਮਲਾ, ਟਿਊਬ ਟਰੇਨ ‘ਚ ਧਮਾਕੇ ਨਾਲ 22 ਜ਼ਖ਼ਮੀ

London: In this image made from video, a woman with blankets wrapped around her is being escorted  by emergency services near the scene of an explosion in London Friday, Sept. 15, 2017. A reported explosion at a train station sent commuters stampeding in panic, injuring several people at the height of London's morning rush hour, and police said they were investigating it as a terrorist attack. AP/PTI(AP9_15_2017_000140A)ਲੰਡਨ ਦੇ ਮੈਟਰੋ ਸਟੇਸ਼ਨ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਕੰਬਲ ਵਿੱਚ ਲਪੇਟੀ ਹੋਈ ਇਕ ਔਰਤ ਨੂੰ ਸੁਰੱਖਿਅਤ ਥਾਂ ਵੱਲ ਲਿਜਾਂਦੇ ਹੋਏ।

ਲੰਡਨ/ਬਿਊਰੋ ਨਿਊਜ਼ :
ਲੰਡਨ ਦੇ ਇਕ ਭੀੜ-ਭੜੱਕੇ ਵਾਲੇ ਜ਼ਮੀਨਦੋਜ਼ ਮੈਟਰੋ ਸਟੇਸ਼ਨ ਵਿੱਚ ਮੁਸਾਫ਼ਰਾਂ ਦੀ ਭਾਰੀ ਆਮਦੋ-ਰਫ਼ਤ ਦੌਰਾਨ ਹੋਏ ਬੰਬ ਧਮਾਕੇ ਕਾਰਨ ਘੱਟੋ-ਘੱਟ 22 ਵਿਅਕਤੀ ਜ਼ਖ਼ਮੀ ਹੋ ਗਏ। ਜ਼ਿਆਦਾਤਰ ਵਿਅਕਤੀ ਦੇ ਚਿਹਰੇ ਝੁਲਸੇ ਹਨ। ਟਾਈਮਰ ਲੱਗੇ ਹੋਣ ਦੇ ਬਾਵਜੂਦ ਧਮਾਕਾ ਠੀਕ ਤਰ੍ਹਾਂ ਨਹੀਂ ਫਟਿਆ, ਨਹੀਂ ਤਾਂ ਕਈ ਜਾਨਾਂ ਜਾ ਸਕਦੀਆਂ ਸਨ। ਬਰਤਾਨੀਆ ਵਿਚ 9 ਮਹੀਨਿਆਂ ਵਿਚ ਇਹ 5ਵਾਂ ਦਹਿਸ਼ਤੀ ਹਮਲਾ ਹੈ।
ਇਹ ਧਮਾਕਾ ਦੱਖਣ-ਪੱਛਮੀ ਲੰਡਨ ਵਿੱਚ ਡਿਸਟ੍ਰਿਕਟ ਲਾਈਨ ਟਿਊਬ ਵਿੱਚ ਉਦੋਂ ਹੋਇਆ ਜਦੋਂ ਇਕ ਗੱਡੀ ਪਾਰਸਨਜ਼ ਗਰੀਨ ਸਟੇਸ਼ਨ ਵਿੱਚ ਦਾਖ਼ਲ ਹੋਈ। ਸਕਾਟਲੈਂਡ ਯਾਰਡ ਨੇ ਕਿਹਾ ਕਿ ਇਹ ਧਮਾਕਾ ਇਕ ‘ਬਾਲਟੀ ਬੰਬ’ ਰਾਹੀਂ ਕੀਤਾ ਗਿਆ। ਲੰਡਨ ਐਂਬੂਲੈਂਸ ਸਰਵਿਸ ਮੁਤਾਬਕ ਉਨ੍ਹਾਂ 18 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ, ਜਦੋਂਕਿ ਚਾਰ ਹੋਰ ਜ਼ਖ਼ਮੀ ਆਪਣੇ ਆਪ ਹਸਪਤਾਲ ਪੁੱਜੇ ਹਨ। ਇਨ੍ਹਾਂ ਵਿੱਚੋਂ ਬਹੁਤੇ ਝੁਲਸੇ ਹੋਏ ਹਨ। ਇਹ ਇਸ ਸਾਲ ਦੌਰਾਨ ਬਰਤਾਨੀਆ ਵਿੱਚ ਹੋਇਆ ਪੰਜਵਾਂ ਦਹਿਸ਼ਤੀ ਹਮਲਾ ਹੈ, ਪਰ ਇਸ ਵਾਰ ਕਿਸੇ ਮਾਸੁਮ ਦੀ ਜਾਨ ਜਾਣ ਤੋਂ ਬਚਾਅ ਰਿਹਾ। ਇਸ ਤੋਂ ਪਹਿਲੇ ਚਾਰ ਹਮਲਿਆਂ ਵਿੱਚ 36 ਮੌਤਾਂ ਹੋਈਆਂ ਹਨ।
ਅਸਿਸਟੈਂਟ ਕਮਿਸ਼ਨਰ ਮਾਰਕ ਕਰਾਊਲੀ ਨੇ ਕਿਹਾ ਕਿ ਉਨ੍ਹਾਂ ਦਾ ‘ਅੰਦਾਜ਼ਾ’ ਹੈ ਕਿ ਇਹ ਧਮਾਕਾ ਇਕ ਆਈਈਡੀ ਰਾਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਡਨ ਵਿੱਚ ਤੇ ਖ਼ਾਸਕਰ ਟਰਾਂਸਪੋਰਟ ਨੈਟਵਰਕ ਵਿੱਚ ਵਧੇਰੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਪਰ ਉਨ੍ਹਾਂ ਇਸ ਸਬੰਧੀ ਕਿਸੇ ਗ੍ਰਿਫ਼ਤਾਰੀ ਬਾਰੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ।
ਬਰਤਾਨਵੀ ਮੀਡੀਆ ਨੇ ਇਕ ਸੁਪਰਮਾਰਕੀਟ ਬੈਗ ਵਿੱਚ ਰੱਖੀ ਤੇ ਸੜਦੀ ਹੋਈ ਇਕ ਸਫ਼ੈਦ ਬਾਲਟੀ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ। ਇਸ ਬਾਲਟੀ ਵਿੱਚੋਂ ਕੁਝ ਤਾਰਾਂ ਵੀ ਫ਼ਰਸ਼ ‘ਤੇ ਲਮਕ ਰਹੀਆਂ ਹਨ। ਧਮਾਕੇ ਕਾਰਨ ਅਨੇਕਾਂ ਲੋਕਾਂ ਦੇ ਚਿਹਰੇ ਝੁਲਸ ਜਾਣ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਲੋਕਾਂ ਵੱਲੋਂ ਬਚਾਅ ਲਈ ਭੱਜਣ ਕਾਰਨ ਕੁਝ ਲੋਕ ਭਗਦੜ ਦਾ ਵੀ ਸ਼ਿਕਾਰ ਹੋਏ।
ਪਾਰਸਨਜ਼ ਗਰੀਨ ਟਿਊਬ ਸਟੇਸ਼ਨ ਵਿੱਚ ਘਟਨਾ ਸਥਾਨ ਦਾ ਸਾਰਾ ਕੰਟਰੋਲ ਸਕਾਟਲੈਂਡ ਯਾਰਡ ਦੇ ਦਹਿਸ਼ਤਗਰਦੀ-ਰੋਕੂ ਦਸਤੇ ਐਸਓ15 ਨੇ ਸੰਭਾਲ ਲਿਆ ਸੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ, ”ਦਹਿਸ਼ਤਰਗਦੀ-ਰੋਕੂ ਮਾਮਲਿਆਂ ਦੇ ਸੀਨੀਅਰ ਕੌਮੀ ਕੋਆਰਡੀਨੇਟਰ ਡਿਪਟੀ ਅਸਿਸਟੈਂਟ ਕਮਿਸ਼ਨਰ ਨੀਲ ਬਾਸੂ ਨੇ ਘਟਨਾ ਨੂੰ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ।” ਬਿਆਨ ਮੁਤਾਬਕ, ”ਅੱਗ ਲੱਗਣ (ਧਮਾਕੇ ਪਿੱਛੋਂ) ਦੇ ਕਾਰਨਾਂ ਬਾਰੇ ਕੁਝ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ। ਇਸ ਦਾ ਪਤਾ ਜਾਂਚ ਤੋਂ ਹੀ ਲੱਗੇਗਾ, ਜੋ ਕੀਤੀ ਜਾ ਰਹੀ ਹੈ। ਸਟੇਸ਼ਨ ਨੂੰ ਬੰਦ ਰੱਖਿਆ ਗਿਆ ਹੈ ਤੇ ਅਸੀਂ ਲੋਕਾਂ ਨੂੰ ਇਸ ਪਾਸੇ ਨਾ ਆਉਣ ਦੀ ਸਲਾਹ ਦਿੰਦੇ ਹਾਂ।” ਪ੍ਰਧਾਨ ਮੰਤਰੀ ਟਰੇਜ਼ਾ ਮੇਅ ਦੇ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ‘ਲਗਾਤਾਰ ਘਟਨਾ ਬਾਰੇ ਜਾਣਕਾਰੀ’ ਲਈ ਜਾ ਰਹੀ ਹੈ। ਬੀਬੀ ਮੇਅ ਨੇ ਆਪਣੀ ਟਵੀਟ ਵਿੱਚ ਕਿਹਾ, ”ਪਾਰਸਨਜ਼ ਗਰੀਨ ਵਿੱਚ ਧਮਾਕੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਨਾਲ ਮੈਨੂੰ ਹਮਦਰਦੀ ਹੈ ਤੇ ਐਮਰਜੈਂਸੀ ਸੇਵਾਵਾਂ ਵੱਲੋਂ ਇਸ ਦਹਿਸ਼ਤੀ ਹਮਲੇ ਸੰਬਧੀ ਦਲੇਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।”
ਬੁਜ਼ਦਿਲ ਦਹਿਸ਼ਤਗਰਦਾਂ ਦਾ ਕਾਰਾ: ਟਰੰਪ
ਵਾਸ਼ਿੰਗਟਨ: ਅਮਰੀਕੀ  ਸਦਰ ਡੋਨਲਡ ਟਰੰਪ ਨੇ ਲੰਡਨ ਹਮਲੇ ਲਈ ‘ਬੁਜ਼ਦਿਲ ਦਹਿਸ਼ਤਰਗਦਾਂ’ ਦੀ ਸਖ਼ਤ ਨਿਖੇਧੀ ਕੀਤੀ  ਹੈ। ਆਪਣੀ ਟਵੀਟ ਵਿੱਚ ਉਨ੍ਹਾਂ ਕਿਹਾ, ”ਇਕ ਬੁਜ਼ਦਿਲ ਅਤਿਵਾਦੀ ਵੱਲੋਂ ਲੰਡਨ ਵਿੱਚ ਇਕ  ਹੋਰ ਹਮਲਾ।” ਉਨ੍ਹਾਂ ਕਿਹਾ, ”ਇਹ ਬਿਮਾਰ ਤੇ ਜਨੂੰਨੀ ਲੋਕ ਹਨ ਜੋ ਸਕਾਟਲੈਂਡ ਯਾਰਡ ਦੀ ਨਜ਼ਰ ਵਿਚ ਸਨ।” ਇਨ੍ਹਾਂ ਬੁਜ਼ਦਿਲ ਦਹਿਸ਼ਤਗਰਦਾਂ ਖ਼ਿਲਾਫ਼ ਲਾਜ਼ਮੀ ਸਖ਼ਤ ਤੋਂ  ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।” (ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ ਪ੍ਰਾਪਤ)