Published On: Fri, Sep 22nd, 2017

ਸਰਦੀ ਭਾਵੇਂ ਗਰਮੀ, ਪਗੜੀ ਹੈ ਬੰਨਣੀ ! (ਨਿੱਕੀ ਕਹਾਣੀ) – ਬਲਵਿੰਦਰ ਸਿੰਘ ਬਾਈਸਨ

 

ਮੇਰਾ ਸਿਰ ਦੁਖਦਾ ਹੈ, ਮੈਂ ਪਗੜੀ ਨਹੀਂ ਬੰਨ ਸਕਦਾ ! (ਪਰੇਸ਼ਾਨ ਜਿਹੇ ਮਨਵੀਤ ਨੇ ਕਿਹਾ) !

ਅੱਛਾ ? ਹੋਰ ਕੋਈ ਪਰੇਸ਼ਾਨੀ ਤੇ ਨਹੀਂ, ਪਗੜੀ ਬੰਨਣ ਨਾਲ ? {ਅੰਦਰੋਂ ਹਸਦੇ ਹੋਏਸਾਹਿਬ ਸਿੰਘ ਨੇ ਪੁਛਿਆ} !

ਮਨਵੀਤ ਸਿੰਘ : ਗਰਮੀਆਂ ਵਿਚ ਤੇਜ ਧੁੱਪ ਹੁੰਦੀ ਹੈ ਤੇ ਪਗੜੀ ਨਹੀਂ ਬੰਨੀ ਜਾਂਦੀ ! ਗਰਮੀ ਲਗਦੀ ਹੈ …ਵਗੈਰਾ… ਵਗੈਰਾ !

ਸਾਹਿਬ ਸਿੰਘ : ਚਲ ਕੋਈ ਨਹੀਂ ! ਤੇਨੂੰ ਮੈਂ ਨਹੀਂ ਰੋਕਦਾ, ਪਰ ਮੇਰੀਆਂ ਕੁਝ ਗਲਾਂ ਦਾ ਜਵਾਬ ਤੇ ਦੇਵੇਂਗਾ ?

ਮਨਵੀਤ ਸਿੰਘ : ਹਾਂਜੀ ਵੀਰ ਜੀ ਪੁੱਛੋ ? ਬੱਸ ਇਹ ਕੰਮ ਨਾ ਕਹੋ !

ਸਾਹਿਬ ਸਿੰਘ : ਜਦੋਂ ਕਿਸੀ ਦਾ ਸਿਰ ਦੁਖਦਾ ਤੇ ਤੇ ਓਹ ਕੀ ਕਰਦਾ ਹੈ ?

ਮਨਵੀਤ ਸਿੰਘ : ਲਓ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ .. ਓਹ ਕੱਸ ਕੇ ਮੱਥੇ ਤੇ ਪੱਟੀ ਬੰਨਦਾ ਹੈ ! ਜੇਕਰ ਪੱਟੀ ਨਾਲ ਫ਼ਰਕ ਨਾ ਪਵੇ ਤੇ ਦਵਾਈ ਵੀ ਖਾ ਸਕਦਾ ਹੈ !

ਸਾਹਿਬ ਸਿੰਘ : ਅੱਛਾ ਜਦੋਂ ਲੂ ਚਲਦੀ ਹੈ ਤੇ ਲੋਕੀ ਗਰਮੀ ਦੀ ਦੋਪਹਿਰ ਵਿਚ ਕਿਵੇਂ ਬਾਹਰ ਨਿਕਲਦੇ ਨੇ ?

ਮਨਵੀਤ ਸਿੰਘ : ਜਿਆਦਾ ਗਰਮੀ ਵਿਚ ਲੋਕੀ ਟੋਪੀ, ਗਮਛਾ ਵਗੈਰਾ ਲੈ ਕੇ ਸਿਰ ਢੱਕ ਕੇ ਚਲਦੇ ਨੇ !

ਸਾਹਿਬ ਸਿੰਘ : ਜਦੋਂ ਜਿਆਦਾ ਸਰਦੀ (ਠੰਡ) ਪੈਂਦੀ ਹੈ ਤੇ ਲੋਕੀ ਕੀ ਕਰਦੇ ਨੇ ?

ਮਨਵੀਤ ਸਿੰਘ : ਲੋਕੀ ਊਨੀ ਟੋਪੀ ਪਾਉਂਦੇ ਨੇ, ਮਫਲਰ ਬੰਨ ਲੈਂਦੇ ਨੇ ਸਿਰ ਤੇ, ਤਾਂਕਿ ਠੰਡ ਕੰਨਾ ਤੇ ਸਿਰ ਨੂੰ ਨਾ ਲੱਗੇ !

ਸਾਹਿਬ ਸਿੰਘ (ਹਸਦੇ ਹੋਏ) : ਫਿਰ ਇੱਕ ਗੱਲ ਦੱਸ ! ਜੱਦ ਸਿਰ ਦਰਦ ਵੇਲੇ ਕੋਈ ਕਪੜਾ ਬੰਨਣ ਨਾਲ ਲੋਕਾਂ ਦਾ ਸਿਰ ਦਰਦ ਦੂਰ ਹੋ ਜਾਂਦਾ ਹੈ ਤੇ ਫਿਰ ਅਸੀਂ ਤੇ ਇਹ ਕੰਮ ਰੋਜ਼ ਹੀ ਕਰਦੇ ਹਾਂ ! ਜੇਕਰ ਗਰਮੀਆਂ ਵਿਚ ਸਿਰ ਢਕਣ ਨਾਲ ਗਰਮੀ ਨਹੀਂ ਚੜ੍ਹਦੀ ਤੇ ਫਿਰ ਅਸੀਂ ਤੇ ਇਹ ਕੰਮ ਰੋਜ਼ ਹੀ ਕਰਦੇ ਹਾਂ ! (ਇੱਕ ਵਾਰ ਧਿਆਨ ਨਾਲ ਮਨਵੀਤ ਵੱਲ ਵੇਖਦਾ ਹੈ) ! ਜੇਕਰ ਸਰਦੀਆਂ ਵਿਚ ਸਿਰ ਤੇ ਕੰਨ ਢੱਕਣ ਨਾਲ ਠੰਡ ਨਹੀਂ ਲੱਗਦੀ ਤੇ ਵੀਰ ਅਸੀਂ ਤੇ ਇਹ ਕੰਮ ਪਹਿਲਾਂ ਤੋਂ ਹੀ ਕਰ ਰਹੇ ਹਾਂ !

ਮਨਵੀਤ ਸਿੰਘ (ਕੁਝ ਸਮਝਣ ਦੀ ਕੋਸਿਸ਼ ਕਰਦਾ ਹੋਇਆ) : ਤੁਸੀਂ ਕਹਿਣਾ ਕੀ ਚਾਹੁੰਦੇ ਹੋ ?

ਸਾਹਿਬ ਸਿੰਘ : ਹੁੱਜਤਾਂ ਨਾਲ ਨਹੀਂ ਬਲਕਿ ਇੱਛਾ ਸ਼ਕਤੀ ਨਾਲ ਕੰਮ ਹੁੰਦੇ ਨੇ ! ਵਿਚਾਰ ਕਰੋ ਕੀ ਮੈਂ ਤੁਹਾਨੂੰ ਕੀ ਕਿਹਾ ਹੈ !

ਮਨਵੀਤ ਸਿੰਘ (ਕੁਝ ਦੇਰ ਗੱਲ ਤੇ ਵਿਚਾਰ ਕਰਨ ਤੋਂ ਬਾਅਦ) : ਓਏ ! ਮੈਂ ਇਤਨੀ ਨਿੱਕੀ ਜਿਹੀ ਗੱਲ ਸਮਝ ਨਹੀਂ ਪਾਇਆ ! ਲਾਨਤ ਹੈ ! ਹੁਣ ਮੈਂ ਸਮਝ ਗਿਆ ਵੀਰ ਜੀ ਕੀ ਦਰਦ ਦਸਤਾਰ ਕਰਕੇ ਨਹੀਂ ਬਲਕਿ ਮੇਰੀ ਕਮਜੋਰ ਸੋਚ ਕਰਕੇ ਮਹਿਸੂਸ ਹੋ ਰਿਹਾ ਸੀ ! ਅੱਗੇ ਤੋਂ ਢੁਚਰਾਂ ਬੰਦ ਤੇ ਦਸਤਾਰ (ਪਗੜੀ) ਸ਼ੁਰੂ ! {ਹੱਸ ਕੇ ਵੇਖਦਾ ਹੈ} !