Published On: Fri, Mar 24th, 2017

ਸਿੱਖ ਧਾਰਮਕ ਸ਼ਰਧਾ ਅਤੇ ਤਰਕ ( ਹਰਮੀਤ ਸਿੰਘ ਖਾਲਸਾ, ਡਬਰਾ,ਗਵਾਲੀਅਰ )

ਕਿਸੇ ਵੀ ਧਰਮ ਵਿਚ ਅਕੀਦਾ ਰਖਣ ਵਾਲੇ ਵਿਅਕਤੀ ਦਾ ਆਪਣੇ ਧਰਮ ਪ੍ਰਤੀ ਪਿਆਰ, ਵਿਸ਼ਵਾਸ, ਸਮਰਪਣ ਅਤੇ ਤਿਆਗ ਉਸ ਦੀ ਸ਼ਰਧਾ ਉਤੇ ਨਿਰਭਰ ਕਰਦੇ ਹਨ। ਅੱਡ ਅੱਡ ਧਰਮ ਵਿਚ ਵਿਸ਼ਵਾਸ ਰਖਣ ਵਾਲੇ ਵਿਅਕਤੀ ਦੀ ਆਪਣੇ ਧਰਮ ਪ੍ਰਤੀ ਸ਼ਰਧਾ ਵੀ ਅੱਡ ਅੱਡ ਹੀ ਹੁੰਦੀ ਹੈ ਪਰ ਇਕੋ ਧਰਮ ਦੇ ਪੈਰੋਕਾਰਾਂ ਵਿਚ ਵੀ ਆਪਣੇ ਧਰਮ ਪ੍ਰਤੀ ਸ਼ਰਧਾ ਇਕੋ ਜਿਹੀ ਨਾ ਹੋ ਕੇ ਕਿਸੇ ਵਿਅਕਤੀ ਵਿਚ ਵਧ ਜਾਂ ਕਿਸੇ ਵਿਚ ਘਟ ਹੋ ਸਕਦੀ ਹੈ। ਧਰਮ ਦੀ ਦੁਨੀਆਂ ਵਿਚ ‘ਸ਼ਰਧਾ’ ਇਕ ਅਜਿਹੀ ਸ਼ੈਅ ਹੈ ਜਿਹੜੀ ਜਰੂਰੀ ਤਾਂ ਹੈ ਪਰ ਜੇ ਇਸ ਉਪਰ ਗੁਰੁ/ਪੈਗੰਬਰ ਦਾ ਉਪਦੇਸ਼ ਲਾਗੂ ਨਾ ਕਿਤਾ ਜਾਏ ਤਾਂ ਇਹ ਫੋਕਟ ਅਤੇ ਨਿਫਲ ਧਾਰਮਿਕ ਕਰਮਾਂ ਵਿਚ ਖਚਿਤ ਹੋ ਜਾਂਦੀ ਹੈ।
ਸਿੱਖ ਧਰਮ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਨਾਂ ਨੇ ਸਿੱਖਾਂ ਵਿਚ ਆਪਣੇ ਧਰਮ ਪ੍ਰਤੀ ਅਜਿਹੀ ਸਦੀਵੀਂ ਅਤੇ ਪ੍ਰਬਲ ਸ਼ਰਧਾ ਪੈਦਾ ਕਰ ਦਿਤੀ ਕਿ ਔਖੀ ਤੋਂ ਔਖੀ ਘੜੀ ਵਿਚ ਵੀ ਸਿੱਖ ਡੋਲਿਆ ਨਹੀਂ ਤੇ ਉਸ ਦੀ ਆਪਣੇ ਗੁਰੂ ਤੇ ਆਪਣੇ ਧਰਮ ਪ੍ਰਤੀ ਸ਼ਰਧਾ ਘਟੀ ਨਹੀਂ ਭਾਵੇਂ ਉਸ ਨੂੰ ਆਰਿਆਂ ਨਾਲ ਚੀਰਿਆ ਗਿਆ, ਭਾਵੇਂ ਖੌਲਦੇ ਹੋਏ ਪਾਣੀ ਵਿਚ ਉਬਾਲਿਆ ਗਿਆ, ਭਾਵੇਂ ਖੋਪਰ ਲੁਹਾਏ, ਭਾਵੇਂ ਗਲਾਂ ਵਿਚ ਬਚਿਆਂ ਦੇ ਟੁਕੜੇ ਟੁਕੜੇ ਕਰ ਕੇ ਹਾਰ ਪੁਆਏ, ਭਾਵੇਂ ਕਈ ਕਈ ਦਿਨ ਬਚਿਆਂ ਸਮੇਤ ਜੰਗਲਾਂ ਵਿਚ ਭੁਖਣ-ਭਾਣੇ ਹੀ ਕਿਉਂ ਨਾ ਰਹਿਨਾ ਪਿਆ, ਪਰ ਸ਼ਰਧਾ ਅਜਿਹੀ ਪ੍ਰਬਲ ਕਿ ਇਕ ਦਿਨ ਵਿਚ ਹੀ ਕਰੀਬ ਅਧੀ ਸਿੱਖ ਕੌਮ ਖਤਮ ਹੋਣ ਦੇ ਬਾਵਜੂਦ ਵੀ ਸਰਬਤ ਦਾ ਭਲਾ ਮੰਗਦੇ ਹੋਏ ਪਰਮਾਤਮ ਅੱਗੇ ਅਰਦਾਸ ‘ਸ਼ੁਕਰਾਨੇ’ ਦੀ ਹੀ ਕਰਦੇ ਰਹੇ ਹਨ।
ਭਾਰਤ ਉਪਮਹਾਂਦ੍ਵੀਪ ਵਿਚ ਵਸਣ ਵਾਲੇ ਲੋਕ, ਸ਼ਰਧਾ ਅਧੀਨ ਧਾਰਮਕ ਕਰਮ ਤਾਂ ਸਦੀਆਂ ਤੋਂ ਕਰਦੇ ਆ ਰਹੇ ਸਨ ਪਰ ਅਜਿਹੇ ਧਾਰਮਕ ਕਰਮ ਵਿਅਕਤੀ ਦਾ ਨਿਜੀ ਤੇ ਸਮਾਜਿਕ ਉਧਾਰ ਕਰਨ ਵਿਚ ਕੋਈ ਯੋਗਦਾਨ ਪਾਉਣ ਦੀ ਥਾਵੇਂ ਉਨ੍ਹਾਂ ਦੇ ਨਿਘਾਰ ਵਿਚ ਹੀ ਸਹਾਈ ਹੋ ਰਹੇ ਸਨ ਪਰ ਕ੍ਰਾਂਤੀ ਉਦੋਂ ਆਉਣੀ ਸ਼ੁਰੂ ਹੋਈ ਜਦੋਂ ਗੁਰੂ ਨਾਨਕ ਸਾਹਿਬ ਨੇ ਧਰਮ ਦੀ ਇਕ ਨਵੀ ਪਰਿਭਾਸ਼ਾ ਰਚਦੇ ਹੋਏ ਇਸ ਨੂੰ ਸਿਰਫ ਧਾਰਮਕ ਕਰਮ ਕਰਨ ਦੀ ਥਾਵੇਂ ਆਪਣੇ ਅਮਲੀ ਜੀਵਨ ਵਿਚ ਧਾਰਨ ਕਰਦੇ ਹੋਏ ਆਪਣਾ ਨਿਜੀ ਅਤੇ ਸਮਾਜੀ ਜੀਵਨ ਗੁਣਾਂ ਭਰਪੂਰ ਤੇ ਅਵਗੁਣ ਰਹਿਤ ਬਣਾ ਕੇ ਸਮੁਚੀ ਮਾਨਵਤਾ ਨੂੰ ਬਰਾਬਰ ਦਾ ਦਰਜਾ ਦਿੰਦੇ ਹੋਏ ”ਸਰਬਤ ਦਾ ਭਲਾ” ਲੋਚਨ ਦਾ ਸਿਧਾਂਤ ਸਥਾਪਤ ਕਰ ਦਿਤਾ। ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਬਿਨਾ ਕਿਸੇ ਸ਼ੰਕਾ ਅਤੇ ਤਰਕ ਦੇ ਸ਼ੁਧ ਨਿਰਮਲ ਭਾਵਨਾ ਨਾਲ ਅਮਲੀ ਜੀਵਨ ਵਿਚ ਧਾਰਨ ਕਰਦੇ ਹੋਏ ਸਿੱਖਾਂ ਦਾ ਜੀਵਨ ਅਜਿਹੀਆਂ ਉਚਾਈਆਂ ਨੂੰ ਛੋਹਿਆ ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਸਮੁਚੇ ਇਤਿਹਾਸ ਵਿਚ ਕਿਤੇ ਹੋਰ ਨਹੀਂ ਮਿਲਦੀ। ਜੰਗ ਦੇ ਮੈਦਾਨ ਵਿਚ ਫੱਟੜ ਦੁਸ਼ਮਣ ਦੀ ਵੀ ਸੇਵਾ ਕਰਨੀ, ਦੁਸ਼ਮਣ ਵਲੋਂ ਆਪਣੇ ਬਚਿਆਂ ਤੇ ਬੀਬੀਆਂ ਦਾ ਘਾਣ ਤੇ ਬੇਪਤੀ ਹੋਣ ਦੇ ਬਾਵਜੂਦ ਵੀ ਦੁਸ਼ਮਣ ਦੇ ਬਚਿਆਂ ਤੇ ਬੀਬੀਆਂ ਨੂੰ ਸਤਕਾਰ ਦੇਣਾ, ਆਪਣੇ ਜਾਨ ਤੋਂ ਵੀ ਪਿਆਰੇ ਪਵਿਤਰ ਧਰਮ ਅਸਥਾਨਾਂ ਦੀ ਦੁਸ਼ਮਣ ਵਲੋਂ ਤਬਾਹੀ ਕਰਨ ਦੇ ਬਾਵਜੂਦ ਦੁਸ਼ਮਣ ਦੇ ਧਾਰਮਕ ਅਸਥਾਨ ਵਲ ਬਦਲੇ ਦੀ ਸੋਚ ਨਾਲ ਵੇਖਣਾ ਤਕ ਨਹੀਂ, ਅਜਿਹੀਆਂ ਬੇਅੰਤ ਹੋਰ ਮਿਸਾਲਾਂ ਸਿੱਖ ਨੂੰ ਦੁਨੀਆਂ ਦੇ ਕਿਸੇ ਵੀ ਹੋਰ ਫਿਰਕੇ ਤੋਂ ਨਿਆਰਾ ਤੇ ਨਿਰਮਲ ਕਰਦੀਆਂ ਹਨ। ਅਜਿਹਾ ਉਚ ਮਿਆਰੀ ਜੀਵਨ ਬਨਾਉਣ ਦੇ ਰਾਹ ਵਿਚ ਕਿਸੇ ਵਿਰਲੇ ਸਿੱਖ ਦੇ ਮਨ ਵਿਚ ਸੁਭਾਵਿਕ ਹੀ ਇਹ ਤਰਕ ਪੈਦਾ ਹੋ ਸਕਦਾ ਹੈ ਕਿ ਜੇ ਦੁਸ਼ਮਣ ਫੌਜ ਇਹ ਸਾਰਾ ਕਾਰਾ ਕਰ ਸਕਦੀ ਹੈ ਤਾਂ ਫੇਰ ਅਸੀਂ ਕਿਉਂਂ ਨਹੀ ਕਰ ਸਕਦੇ ? ਪਰ ਗੁਰੂ ਪ੍ਰਤੀ ਪੂਰਨ ਸ਼ਰਧਾ ਰਖਣ ਵਾਲੇ ਸਿੱਖ ਅਜਿਹੇ ਤਰਕਾਂ ਤੋਂ ਉਪਰ ਉਠ ਕੇ ਆਪਣਾ ਨਿਰਮਲ ਧਰਮ ਕਮਾਉਂਂਦੇ ਰਹੇ ਅਤੇ ਗੁਣਾ ਭਰਭੂਰ ਜੀਵਨ ਬਤੀਤ ਕਰਦੇ ਰਹੇ।
ਪਰ ਸਮਾਂ ਬਦਲਣ ਦੇ ਨਾਲ ਅਤੇ ਅੰਗ੍ਰੇਜਾਂ ਦੁਆਰਾ ਆਪਣਾ ਪੱਛਮ ਦਾ ਤਰਕਵਾਦੀ ਗਿਆਨ ਪ੍ਰਬੰਧ ਭਾਰਤ ਵਿਚ ਸਥਾਪਤ ਕਰਨ ਨਾਲ ਸਿੱਖ ਦੀ ਚੇਤਨਾ ਵਿਚ ਧਾਰਮਕ ਸ਼ਰਧਾ ਦੇ ਨਾਲ ਨਾਲ ਤਰਕ ਨੇ ਵੀ ਆਪਣੀ ਜਗ੍ਹਾ ਬਨਾਉਣੀ ਸ਼ੁਰੂ ਕਰ ਦਿਤੀ ਤੇ ਜਿਹੜਾ ‘ਤਰਕ’ ਗੁਰੂ ਕਾਲ ਵੇਲੇ ‘ਸ਼ਰਧਾ’ ਦੇ ਅਧੀਨ ਹੋ ਕੇ ਚਲਦਾ ਸੀ ਉਸ ‘ਤਰਕ’ ਨੇ ਹੁਣ ‘ਸ਼ਰਧਾ’ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿਤਾ। ਤਰਕ ਆਪਣੇ ਆਪ ਵਿਚ ਮਾੜਾ ਨਹੀਂ ਪਰ ਸਿਰਫ ਤਰਕ ਨੂੰ ਹੀ ਸਰਵਉਚ ਮਨ ਕੇ ਬਾਕੀ ਸਾਰੀਆਂ ਚੀਜਾਂ ਨੂੰ ਛੁਟਿਆਉਣਾ, ਗੁਰਮੱਤ ਨਹੀਂ। ਤਰਕ ਤਾਂ ਗੁਰੂ ਕਾਲ ਵੇਲੇ ਵੀ ਹੋਇਆ ਕਰਦੇ ਸਨ ਪਰ ਗੁਰੂ ਸਾਹਿਬ ਨੇ ਕੌਤਕ ਰਚ ਕੇ ਸਿੱਖਾਂ ਅੱਗੇ ਮਿਸਾਲਾਂ ਵੀ ਕਾਇਮ ਕਰ ਦਿਤੀਆਂ ਜਿਸ ਤੋਂ ਸਾਨੂੰ ਸਿਖਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁਤਰਾਂ ਅਤੇ ਭਾਈ ਲਹਿਣੇ ਅੱਗੇ ਕਈ ਪਰਚੇ ਪਾਏ ਜਿਸ ਵਿਚੋਂ ਤਰਕਵਾਦੀ ਪੁਤਰਾਂ ਦੀ ਬਿਰਤੀ ਅਸਫਲ ਹੋਈ ਪਰ ਪੂਰਨ ਸ਼ਰਧਾ ਵਾਲੀ ਭਾਈ ਲਹਿਣੇ ਦੀ ਬਿਰਤੀ ਕਾਮਯਾਬ ਹੋਈ, ਗੁਰੂ ਅਮਰਦਾਸ ਜੀ ਨੇ ਆਪਣੇ ਦੋਨੋ ਜਵਾਈਆਂ ਅੱਗੇ ਵੀ ਅਜਿਹੇ ਹੀ ਪਰਚੇ ਪਾਏ ਜਿਸ ਵਿਚੋਂ ਵੀ ਤਰਕਵਾਦੀ ਬਿਰਤੀ ਅਸਫਲ ਹੋਈ ਤੇ ਸ਼ਰਧਾ ਵਾਲੀ ਬਿਰਤੀ ਨੂੰ ਹੀ ਮਾਨਤਾ ਮਿਲੀ, ਗੁਰੂ ਗੋਬਿੰਦ ਸਿੰਘ ਜੀ ਨੇ ਬੰਦੂਕ ਦਾ ਨਿਸ਼ਾਨਾ ਲਗਾਉਣ ਵਾਸਤੇ ਇਕ ਸਿੱਖ ਦੀ ਮੰਗ ਕੀਤੀ ਤਾਂ ਭਾਈ ਡੱਲੇ ਦੀ ਤਰਕਵਾਦੀ ਬਿਰਤੀ ਰੱਦ ਹੋਈ ਤੇ ਸ਼ਰਧਾ ਵਾਲੇ ਦੋ ਪਿਉ ਪੁਤਰਾਂ ਦੀ ਬਿਰਤੀ ਨੂੰ ਹੀ ਮਾਨਤਾ ਮਿਲੀ, ਅੰਮ੍ਰਿਤ ਸੰਚਾਰ ਵੇਲੇ ਗੁਰੂ ਜੀ ਦੁਆਰਾ ਪੰਜ ਸੀਸ ਮੰਗੇ ਗਏ, ਸ਼ਰਧਾ ਵਾਲਿਆਂ ਨੇ ਭੇਟ ਕੀਤੇ ਤੇ ਤਰਕ ਕਰਨ ਵਾਲਿਆਂ ਨੇ ਸ਼ੰਕਾ ਕੀਤਾ।
ਇਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਨਹੀਂ ਕਿ ਤਰਕਵਾਦੀ ਬਿਰਤੀ ਵਿਚ ਸ਼ਰਧਾ ਨਹੀਂ ਹੁੰਦੀ ਪਰ ਉਹ ਹੁੰਦੀ ਤਰਕ ਦੇ ਅਧੀਨ ਹੈ, ਦੁਜੇ ਪਾਸੇ ਜੇ ਗੁਰੂ ਦੀ ਗੱਲ ਨੂੰ ਸਮਝੇ ਬਿਨਾ ਹੀ ਸ਼ਰਧਾ ਅਧੀਨ ਕੋਈ ਧਾਰਮਕ ਕਰਮ ਕੀਤਾ ਜਾਏ ਤਾਂ ਉਹ ਨਿਫਲ, ਕਰਮਕਾਂਡ ਜਾਂ ਮਨਮੱਤ ਹੀ ਹੁੰਦਾ ਹੈ, ਕੀਤਾ ਭਾਵੇਂ ਉਹ ਸਹੀ ਭਾਵਨਾ ਨਾਲ ਹੀ ਜਾ ਰਿਹਾ ਹੋਵੇ, ਸਿੱਖ ਦਾ ਵਡਭਾਗ ਸਿੰਘ ਨੂੰ ਮੰਨਣਾ, ਗੁਰਮਤ ਵਿਰੋਧੀ ਡੇਰਿਆਂ ਤੇ ਸ਼ਰਧਾ ਰਖਣੀ, ਗੁਰਦੁਆਰਿਆਂ ਵਿਚ ਹਿੰਦੂ ਰੀਤੀ ਅਨੁਸਾਰ ਆਰਤੀ ਕਰਨੀ ਆਦਿ ਅਜਿਹੇ ਕਰਮ ਹਨ ਜੋ ਗੁਰਮੱਤ ਵਿਚ ਪਰਵਾਨ ਨਹੀਂ, ਕੀਤੇ ਭਾਵੇਂ ਉਹ ਸਹੀ ਭਾਵਨਾ ਨਾਲ ਹੀ ਜਾ ਰਹੇ ਹੋਣ।
ਹੁਣ ਇਕ ਬੜੀ ਮਹਤੱਵਪੂਰਨ ਗੱਲ ਸਿੱਖ ਕੌਮ ਵਾਸਤੇ ਸਮਝਣ ਵਾਲੀ ਇਹ ਹੈ ਕਿ ਪੱਛਮ ਦਾ ਤਰਕਵਾਦੀ ਗਿਆਨ ਤਾਂ ਭਾਰਤ ਵਿਚਲੀਆਂ ਪ੍ਰਮੁੱਖ ਤਿੰਨੇ ਕੌਮਾਂ ਹਿੰਦੂ, ਮੁਸਲਮਾਨ ਅਤੇ ਸਿੱਖਾਂ ਨੇ ਹਾਸਲ ਕੀਤਾ, ਪਰ ਆਪਣੇ ਧਰਮ ਨੂੰ ਇਸ ਤਰਕਵਾਦੀ ਗਿਆਨ ਦੇ ਨਜਰੀਏ ਤੋਂ ਸਮਝਣ ਅਤੇ ਆਪਣੇ ਧਰਮ ਦੀ ਵਿਆਖਿਆ ਇਸ ਤਰਕਵਾਦੀ ਗਿਆਨ ਦੀ ਦ੍ਰਿਸ਼ਟੀ ਤੋਂ ਕਰਨ ਦਾ ਰੁਝਾਨ ਸਿਰਫ ਸਿੱਖਾਂ ਵਿਚ ਹੀ ਕਿਉਂ ਪੈਦਾ ਹੋਇਆ ? ਹਿੰਦੂ ਜਾਂ ਮੁਸਲਮਾਨ ਵੀਰਾਂ ਨੇ ਆਪਣੀ ਇਸ ਤਰਕਵਾਦੀ ਬਿਰਤੀ ਨਾਲ ਆਪਣੇ ਧਾਰਮਕ ਫਲਸਫੇ ਨੂੰ ਦੇਖਣ/ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਿਸ ਤਰ੍ਹਾਂ ਸਿੱਖ ਨੇ ਕੀਤੀ ? ਬਾਵਜੂਦ ਇਸ ਸਚਾਈ ਦੇ ਕਿ ਇਕ ਧਾਰਮਕ ਫਲਸਫਾ ਤਾਂ ਗੈਰ ਕੁਦਰਤੀ ਜਾਂ ਤਰਕਵਿਹੂਣੀਆਂ ਗੱਲਾਂ ਨਾਲ ਭਰਿਆ ਪਿਆ ਹੈ। ਫੇਰ ਕੀ ਕਾਰਨ ਹੈ ਕਿ ਆਮ ਹਿੰਦੂ ਤੇ ਮੁਸਲਮਾਨ ਵੀਰ, ਇਥੋਂ ਤਕ ਕਿ ਉਨ੍ਹਾਂ ਦੀ ਕੌਮ ਦੇ ਰੌਸ਼ਨ ਦਿਮਾਗ ਲੋਕ ਵਿਗਿਆਨੀ/ਡਾਕਟਰ/ਸਾਇੰਂਸਦਾਨ/ਵਿਦਵਾਨ ਵੀ ਆਪਣੇ ਧਾਰਮਕ ਫਲਸਫੇ ਨੂੰ ਤਰਕਵਾਦੀ ਬਿਰਤੀ ਨਾਲ ਦੇਖਣ/ਸਮਝਣ ਦੀ ਲੋੜ ਮਹਿਸੂਸ ਨਹੀਂ ਕਰਦੇ ? ਕੀ ਕਾਰਨ ਹੈ ਕਿ ਉਹ ਆਪਣੇ ਧਰਮ ਵਿਚ ਅਥਾਹ ਸ਼ਰਧਾ ਤਾਂ ਰਖਦੇ ਹਨ ਪਰ ਇਸ ਵਿਚ ਤਰਕ ਨੂੰ ਵੜਨ ਤਕ ਨਹੀਂ ਦਿੰਦੇ ? ਇਸ ਦੇ ਕਾਰਨ ਤਾਂ ਇਕ ਤੋਂ ਵਧੇਰੇ ਹੋ ਸਕਦੇ ਹਨ ਅਤੇ ਇਸ ਉਪਰ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ, ਪਰ ਮੁੱਖ ਕਾਰਨ ਜੋ ਇਨ੍ਹਾਂ ਸਤਰਾਂ ਦੇ ਲੇਖਕ ਦੀ ਸਮਝ ਵਿਚ ਆ ਸਕੇ ਉਹ ਇਹ ਹਨ ਕਿ, ਆਮ ਮੁਸਲਮਾਨ ਭਾਈਚਾਰੇ ਦੇ ਦੁਨਿਆਵੀ ਪਧਰ ਤੇ ਪਛੱਮ ਦਾ ਤਰਕਵਾਦੀ ਗਿਆਨ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਦੇ ਧਾਰਮਕ ਆਗੂਆਂ ਨੇ ਆਪਣੇ ਧਾਰਮਕ ਫਲਸਫੇ ਨੂੰ ਪਰੰਪਰਾਵਾਦੀ ਤਰੀਕੇ ਨਾਲ ਪ੍ਰਚਾਰਨ ਦੇ ਕੰਮ ਉਪਰ ਸਖਤੀ ਨਾਲ ਅਮਲ ਕਰੀ ਰਖਿਆ ਅਤੇ ਉਸ ਵਿਚ ਤਰਕ ਨੂੰ ਵੜਨ ਨਹੀਂ ਦਿਤਾ, ਸ਼ਰੀਅਤ ਦੀ ਪਾਲਨਾ ਕਰਨੀ ਅਤੇ ਮਦਰੱਸਿਆਂ ਦੁਆਰਾ ਪ੍ਰਚਾਰ ਕਰਨ ਦੀ ਪਰੰਪਰਾ ਵਿਚ ਉਨ੍ਹਾਂ ਨੇ ਕੋਈ ਤਬਦੀਲੀ ਨਹੀਂ ਆਉਣ ਦਿਤੀ ਬਾਵਜੂਦ ਇਸ ਸਚਾਈ ਦੇ ਕਿ ਭਾਰਤ ਵਿਚਲੇ ਹਿੰਦੂਵਾਦੀ ਕਟੜ ਵਿਚਾਰਧਾਰਾ ਦੇ ਆਮ ਮੁਲਮਾਨ ਭਾਈਚਾਰੇ ਉਪਰ ਮੀਡੀਏ ਦੁਆਰਾ ਅਥਾਹ ਦਬਾਅ ਬਣਾ ਕੇ ਅਤੇ ਉਨ੍ਹਾਂ ਨੂੰ ਅਪਮਾਨਤ ਕਰ ਕੇ ਉਨ੍ਹਾਂ ਅੰਦਰ ਆਪਣੇ ਅਤੇ ਆਪਣੀਆਂ ਧਾਰਮਕ ਪਰੰਪਰਾਵਾਂ ਪ੍ਰਤੀ ਗਿਲਾਨੀ ਦੀ ਭਾਵਨਾ ਪੈਦਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁਸਲਮਾਨ ਭਾਈਚਾਰੇ ਦੇ ਧਾਰਮਕ ਮੁਦਿਆਂ ਨੂੰ ਮੀਡੀਏ ਵਿਚ ਉਛਾਲਣਾ ਅਤੇ ਉਸ ਉਪਰ ਅਪਮਾਨਤ ਕਰਨ ਦੇ ਢੰਗ ਨਾਲ ਬਹਿਸਾਂ ਕਰਨੀਆਂ ਇਸ ਦੀ ਵਡੀ ਮਿਸਾਲ ਹਨ। ਸ਼ਰਧਾ ਉਸ ਵੇਲੇ ਘਟਦੀ ਹੈ ਜਦੋਂ ਮਨ ਵਿਚ ਕੋਈ ਸ਼ੰਕਾ ਜਾ ਤਰਕ ਪੈਦਾ ਹੋਵੇ, ਮੁਸਲਮਾਨ ਭਾਈਚਾਰੇ ਨੇ ਆਪਣੇ ਮਨ ਵਿਚੋਂ ਸ਼ਰਧਾ ਘਟਨ ਨਹੀਂ ਦਿਤੀ ਇਸ ਲਈ ਮਨ ਵਿਚ ਤਰਕ ਪੈਦਾ ਨਹੀਂ ਹੋ ਸਕਿਆ। ਹਿੰਦੂ ਭਾਈਚਾਰੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਛੱਮ ਦਾ ਤਰਕਵਾਦੀ ਗਿਆਨ ਸਿੱਖ ਅਤੇ ਮੁਸਲਮਾਨ ਭਾਈਚਾਰੇ ਨਾਲੋਂ ਵਧੇਰੇ ਹਾਸਲ ਕੀਤਾ ਪਰ ਉਨ੍ਹਾਂ ਨੇ ਆਪਣੇ ਧਾਰਮਕ ਫਲਸਫੇ ਵਿਚ ਤਰਕ ਦਾ ਪਰਛਾਵਾਂ ਤੱਕ ਨਹੀਂ ਪੈਣ ਦਿਤਾ ਬਾਵਜੂਦ ਇਸ ਸਚਾਈ ਦੇ ਕਿ ਇਨ੍ਹਾਂ ਦਾ ਧਾਰਮਕ ਫਲਸਫਾ ਗੈਰ ਕੁਦਰਤੀ ਅਤੇ ਤਰਕਵਿਹੂਣੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਫੇਰ ਕੀ ਕਾਰਨ ਹੈ ਕਿ ਦੁਨਿਆਵੀ ਤੌਰ ਤੇ ਤਰਕਵਾਦੀ ਹੋਣ ਨੂੰ ਫਕਰ ਮਹਿਸੂਸ ਕਰਨ ਵਾਲੇ ਲੋਕ ਧਾਰਮਕ ਤੌਰ ਤੇ ਤਰਕਵਿਹੂਣੀਆਂ ਤੇ ਗੈਰ ਕੁਦਰਤੀ ਕਹਾਣੀਆਂ ਨੂੰ ਮੰਨਣ ਵਿਚ ਫਕਰ ਮਹਿਸੂਸ ਕਰਦੇ ਹਨ ? ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਦੇ ਧਾਰਮਕ ਆਗੂਆਂ ਨੇ ਸੁਚੇਤ ਰੂਪ ਵਿਚ  ‘ਤਰਕ’ ਨੂੰ ਆਪਣੇ ਧਾਰਮਕ ਫਲਸਫੇ ਅੰਦਰ ਵੜ੍ਹਣ ਤੋਂ ਰੋਕੀ ਰਖਿਆ ਹੈ ਕਿਉਂਕਿ ‘ਤਰਕ’ ਨਾਲ ਉਨ੍ਹਾਂ ਦੇ ਧਾਰਮਕ ਫਲਸਫੇ ਦੇ ਮੁੱਢ ਉਪਰ ਹੀ ਗਹਿਰੀ ਸੱਟ ਵਜਦੀ ਹੈ, ਜੇ ਤਰਕਵਾਦੀ ਬਿਰਤੀ ਨਾਲ ਉਨ੍ਹਾਂ ਦੇ ਧਾਰਮਕ ਫਲਸਫੇ ਦੀ ਪੜਚੋਲ ਕੀਤੀ ਜਾਏ ਤਾਂ ਉਨ੍ਹਾਂ ਦਾ ਧਰਮ ਤਾਂ ਖੇਰੂੰ-ਖੇਰੂ ਹੋ ਜਾਏ, ਇਸ ਵਾਸਤੇ ਉਨ੍ਹਾਂ ਦੇ ਧਾਰਮਕ ਆਗੂਆਂ ਦਾ ਇਹ ਬਹੁਤ ਹੀ ਚੇਤੰਨ ਫੈਸਲਾ ਹੈ ਕਿ ਆਪਣੇ ਧਰਮ ਵਿਚ ‘ਤਰਕ’ ਦਾ ਪਰਛਾਵਾਂ ਤਕ ਨਹੀਂ ਪੈਣ ਦੇਣਾ।
ਪੱਛਮ ਦੀ ਜਿਸ ਤਰਕਵਾਦੀ ਤਰਜ ਤੇ ਸਿੱਖਾਂ ਅੰਦਰ ਆਪਣੇ ਧਾਰਮਕ ਫਲਸਫੇ ਨੂੰ ਸਮਝਣ ਅਤੇ ਬਿਆਨਣ ਦਾ ਰੁਝਾਨ ਪੈਦਾ ਹੋ ਗਿਆ ਹੈ ਉਸੇ ਪਛਮ ਵਿਚੋਂ ਹੀ ਹੁਣ ਉਨ੍ਹਾਂ ਦੇ ਵਿਦਵਾਨਾਂ ਵਲੋਂ ਇਹ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਕਿ ਤਿੰਨ ਚਾਰ ਸਦੀਆਂ ਤੋਂ ਆਪਣੇ ਧਰਮ ਨੂੰ ਵਿਗਿਆਨਕ ਤੇ ਤਰਕਵਾਦੀ ਨਜ਼ਰੀਏ ਤੋਂ ਸਮਝਣ ਦਾ ਯਤਨ ਕਿੰਨਾ ਕੁ ਸਹੀ ਸੀ ? ਸਿੱਖ ਤਰਕਵਾਦੀ ਤਬਕਾ ਅਨਭੋਲ ਹੀ ਪਛੱਮ ਦੀ ਦ੍ਰਿਸ਼ਟੀ ਤੋਂ ਆਪਣੇ ਧਰਮ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਤੇ ਇਹ ਨਾ ਹੋਵੇ ਸਾਨੂੰ ਵੀ ਤਿਨ ਚਾਰ ਸਦੀਆਂ ਬਾਅਦ ਪਛੱਮ ਦੇ ਵਿਦਵਾਨਾਂ ਵਾਂਙ ਮੁੜ ਇਹ ਵਿਸ਼ਲੇਸ਼ਣ ਕਰਨਾ ਪਵੇ ਕਿ ਸਾਡਾ ਆਪਣੇ ਧਰਮ ਉਪਰ ਤਰਕਵਾਦੀ ਵਿਸ਼ਲੇਸ਼ਨ ਕਿਤੇ ਗਲਤ ਤਾਂ ਨਹੀ ਸੀ ? ਹਿੰਦੂ ਪ੍ਰਚਾਰਕਾਂ/ਬੁੱਧੀਜੀਵੀਆਂ ਤੋਂ ਸਿਖਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਧਾਰਮਕ ਫਲਸਫੇ ਵਿਚ ਵਿਰੋਧਾਭਾਸ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਪ੍ਰਚਾਰ ਵਿਚ ਕਮਾਲ ਦੀ ਇਕਸਾਰਤਾ ਹੈ। ਅਜੋਕੇ ਸਮੇਂ ਸਿੱਖਾਂ ਵਿਚ ਅਜਿਹੇ ਪ੍ਰਚਾਰਕਾਂ/ਬੁਧੀਜੀਵੀਆ//ਵਿਦਵਾਨਾਂ ਦੀ ਰੜਕਵੀਂ ਘਾਟ ਹੈ ਜੋ ਮਹਾਨ, ਲਾਸਾਨੀ ਤੇ ਨਿਰਮਲ ਸਿੱਖ ਧਾਰਮਕ ਫਲਸਫੇ ਨੂੰ ਇਕਸਾਰਤਾ ਅਤੇ ਸਹੀ ਢੰਗ ਨਾਲ ਸਿੱਖਾਂ ਅਤੇ ਦੁਨੀਆਂ ਸਾਹਮਣੇ ਪੇਸ਼ ਕਰ ਸਕੇ। ਇਸ ਪਖੋਂ ਸਿੱਖਾਂ ਨੂੰ ਸੋਚਣ ਦੀ ਅਤੇ ਕੰਮ ਕਰਨ ਦੀ ਲੋੜ ਹੈ।th